ਚੰਡੀਗੜ੍ਹ, 6 ਅਪ੍ਰੈਲ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰਦਿਆਂ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਸੈਕਟਰ-24 ਇਲਾਕੇ 'ਚ ਹਰਿਆਣਾ ਨੰਬਰ ਦੀ ਇਕ ਕਾਰ ਤੋਂ 1410 ਪਊਏ ਦੇਸੀ ਸ਼ਰਾਬ ਬਰਾਮਦ ਕੀਤੀ ਹੈ | ਮੁਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਖੇਪ ਹਰਿਆਣਾ 'ਚ ਸਪਲਾਈ ਲਈ ਲਿਜਾਈ ਜਾ ਰਹੀ ਸੀ | ਜਾਣਕਾਰੀ ਅਨੁਸਾਰ ਸੈਕਟਰ-24 'ਚ ਪੁਲਿਸ ਵਲੋਂ ਨਾਕਾ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ | ਇਸ ਦੌਰਾਨ ਹਰਿਆਣਾ ਨੰਬਰ ਦੀ ਇਕ ਸ਼ੱਕੀ ਕਾਰ ਨੂੰ ਰੋਕਿਆ ਗਿਆ | ਚਾਲਕ 'ਤੇ ਸ਼ੱਕੀ ਹੋਣ 'ਤੇ ਪੁਲਿਸ ਨੇ ਵਾਹਨ ਦੀ ਤਲਾਸ਼ੀ ਲਈ | ਤਲਾਸ਼ੀ ਦੌਰਾਨ ਕਾਰ ਦੀ ਡਿੱਗੀ ਵਿਚੋਂ ਭਾਰੀ ਮਾਤਰਾ ਵਿਚ ਦੇਸੀ ਸ਼ਰਾਬ ਬਰਾਮਦ ਹੋਈ | ਪੁਲਿਸ ਨੇ ਮੌਕੇ 'ਤੇ ਗਿਣਤੀ ਕਰਨ ਉਪਰੰਤ ਕੁੱਲ 1410 ਪਊਏ ਦੇਸੀ ਸ਼ਰਾਬ ਜ਼ਬਤ ਕੀਤੀ | ਪੁੱਛਗਿੱਛ ਦੌਰਾਨ ਚਾਲਕ ਸ਼ਰਾਬ ਸਬੰਧੀ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ | ਇਸ ਤੋਂ ਬਾਅਦ ਪੁਲਿਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਹਰਿਆਣਾ ਨਿਵਾਸੀ ਦੀਪਕ ਵਜੋਂ ਹੋਈ ਹੈ | ਪੁਲਿਸ ਨੇ ਉਸ ਦੇ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਹੁਣ ਇਹ ਪਤਾ ਲਗਾਉਣ ਵਿਚ ਜੁਟੀ ਹੈ ਕਿ ਮੁਲਜ਼ਮ ਕਿਹੜੇ ਨੈੱਟਵਰਕ ਤਹਿਤ ਸ਼ਰਾਬ ਦੀ ਸਪਲਾਈ ਕਰ ਰਿਹਾ ਸੀ ਅਤੇ ਇਸ ਧੰਦੇ ਨਾਲ ਹੋਰ ਕੌਣ-ਕੌਣ ਜੁੜੇ ਹੋਏ ਹਨ |