ਡੇਰਾਬੱਸੀ, 8 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸਥਾਨਕ ਨੇੜਲੇ ਪਿੰਡ ਪੰਡਵਾਲਾ ਦੀ ਇਕ 59 ਸਾਲਾ ਮਹਿਲਾ ਦੀ ਮੌਤ ਤੋਂ ਬਾਅਦ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ੍ਹ ਦੇ ਡਾਕਟਰਾਂ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ | ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਮਰੀਜ਼ ਦੀ ਹਾਲਤ ਗੰਭੀਰ ਹੋਣ ਦੇ ਬਾਵਜੂਦ ਉਸ ਨੂੰ ਸਮੇਂ ਤੋਂ ਪਹਿਲਾਂ ਡਿਸਚਾਰਜ ਕਰਨਾ ਜਾਨਲੇਵਾ ਸਾਬਿਤ ਹੋਇਆ | ਪਰਿਵਾਰ ਵਲੋਂ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਮੁਤਾਬਕ ਊਸ਼ਾ ਰਾਣੀ ਪਤਨੀ ਸਵ. ਬਲਦੇਵ ਸਿੰਘ ਨੂੰ ਦਿਲ ਦੀ ਬਿਮਾਰੀ ਕਾਰਨ 29 ਮਾਰਚ ਨੂੰ ਜੀ. ਐਮ. ਸੀ. ਐਚ. ਵਿਚ ਦਾਖ਼ਲ ਕਰਵਾਇਆ ਗਿਆ ਸੀ | ਪਰਿਵਾਰ ਅਨੁਸਾਰ ਮਰੀਜ਼ ਨੂੰ ਸਟੰਟ ਪਾਇਆ ਜਾਣਾ ਸੀ, ਪਰ ਬੁਖ਼ਾਰ ਕਾਰਨ ਇਹ ਪ੍ਰਕਿਰਿਆ ਤਿੰਨ ਵਾਰ ਟਾਲ ਦਿੱਤੀ ਗਈ | ਪਰਿਵਾਰ ਦਾ ਦਾਅਵਾ ਹੈ ਕਿ ਮੰਗਲਵਾਰ ਨੂੰ ਡਾਕਟਰਾਂ ਨੇ ਇਹ ਕਹਿ ਕੇ ਮਰੀਜ਼ ਨੂੰ ਛੁੱਟੀ ਦੇ ਦਿੱਤੀ ਕਿ ਉਹ ਵੀਰਵਾਰ ਨੂੰ ਮੁੜ ਦਾਖ਼ਲ ਹੋਣ ਤਾਂ ਜੋ ਸ਼ੁੱਕਰਵਾਰ ਨੂੰ ਅਗਲਾ ਇਲਾਜ ਕੀਤਾ ਜਾ ਸਕੇ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਰੀਜ਼ ਦੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਡਾਕਟਰਾਂ ਨੂੰ ਡਿਸਚਾਰਜ ਨਾ ਕਰਨ ਦੀ ਬੇਨਤੀ ਕੀਤੀ ਸੀ, ਪਰ ਹਸਪਤਾਲ ਵਲੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ | ਬੁੱਧਵਾਰ ਦੁਪਹਿਰ ਨੂੰ ਅਚਾਨਕ ਊਸ਼ਾ ਰਾਣੀ ਦੀ ਤਬੀਅਤ ਵਿਗੜਨ 'ਤੇ ਉਨ੍ਹਾਂ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਇਸ ਘਟਨਾ ਤੋਂ ਬਾਅਦ ਮਿ੍ਤਕਾ ਦੇ ਪੁੱਤਰਾਂ ਮਨੀਤ ਸਿੰਘ ਅਤੇ ਮਨੀਸ਼ ਸਿੰਘ ਸਮੇਤ ਹੋਰਨਾਂ ਰਿਸ਼ਤੇਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਹਸਪਤਾਲ 'ਚ ਹੀ ਹੁੰਦਾ ਤਾਂ ਸ਼ਾਇਦ ਸਮੇਂ ਸਿਰ ਮੈਡੀਕਲ ਸਹਾਇਤਾ ਮਿਲਣ ਨਾਲ ਉਸਦੀ ਜਾਨ ਬਚ ਸਕਦੀ ਸੀ | ਪਰਿਵਾਰ ਨੇ ਮੌਕੇ 'ਤੇ ਹਸਪਤਾਲ ਦੇ ਦਸਤਾਵੇਜ਼ ਦਿਖਾਉਂਦੇ ਹੋਏ ਡਾਕਟਰਾਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ ਅਤੇ ਅੰਤਿਮ ਸੰਸਕਾਰ ਤੋਂ ਬਾਅਦ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ |