ਡੇਰਾਬੱਸੀ, 8 ਅਪ੍ਰੈਲ (ਗੁਰਮੀਤ ਸਿੰਘ)-ਬੀਤੇ ਕੱਲ੍ਹ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ | ਤੇਜ ਹਵਾਵਾਂ ਕਰਕੇ ਖੇਤਾਂ 'ਚ ਖੜ੍ਹੀ ਪੱਕੀ ਕਣਕ ਵਿਛ ਗਈ ਹੈ ਅਤੇ ਕਈ ਖੇਤਾਂ 'ਚ ਤਾਂ 50 ਤੋਂ 80 ਫ਼ੀਸਦੀ ਤੱਕ ਨੁਕਸਾਨ ਹੋ ਚੁੱਕਾ ਹੈ | ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਡੇਰਾਬੱਸੀ ਦੇ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਮੀਂਹ ਕਰਕੇ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਤਬਾਹ ਹੋ ਗਈ ਹੈ, ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹੁਣ ਤੱਕ ਉਨ੍ਹਾਂ ਦੀ ਸਾਰ ਨਹੀਂ ਲਈ | ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਜੋ ਕਿ ਸਾਲ ਭਰ ਮਿਹਨਤ ਕਰਦੇ ਹਨ, ਪਰ ਖ਼ਰਾਬ ਮੌਸਮ ਉਨ੍ਹਾਂ ਦੀ ਸੋਨੇ ਵਰਗੀ ਫ਼ਸਲ ਨੂੰ ਮਿੱਟੀ ਕਰ ਦਿੰਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਖੇਤਾਂ ਦਾ ਸਰਵੇ ਕਰਵਾ ਕੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |