ਡੇਰਾਬੱਸੀ, 8 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਮਾਸਟਰ ਮਾਰਕੀਟ ਖੇਤਰ ਵਿਚ ਸ਼ਾਮ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਸਵਾਰ ਪੰਜ ਨੌਜਵਾਨਾਂ ਨੇ ਇਕ ਨਾਬਾਲਗ 'ਤੇ ਘਾਤਕ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਨੌਜਵਾਨ ਦੀ ਪਛਾਣ ਮਨਵੀਰ ਸਿੰਘ (17) ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਜਨੇਤਪੁਰ ਵਜੋਂ ਹੋਈ ਹੈ | ਪੀੜਤ ਨੂੰ ਤੁਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹੈ | ਹਸਪਤਾਲ 'ਚ ਜ਼ੇਰੇ ਇਲਾਜ ਮਨਵੀਰ ਸਿੰਘ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ਡੇਰਾਬੱਸੀ ਦਾ ਵਿਦਿਆਰਥੀ ਹੈ ਅਤੇ ਉਸਨੇ ਹਾਲ ਹੀ 'ਚ 12ਵੀਂ ਜਮਾਤ ਦੇ ਪੇਪਰ ਦਿੱਤੇ ਹਨ | ਉਸਨੇ ਦੱਸਿਆ ਕਿ ਜਦੋਂ ਉਹ ਸ਼ਾਮ ਸਮੇਂ ਬਾਜ਼ਾਰ ਵਿਚ ਕਿਸੇ ਕੰਮ ਲਈ ਆਇਆ ਹੋਇਆ ਸੀ ਤਾਂ ਅਚਾਨਕ ਮੋਟਰਸਾਈਕਲ 'ਤੇ ਸਵਾਰ ਪੰਜ ਨੌਜਵਾਨ ਉਥੇ ਪਹੁੰਚੇ, ਜੋ ਉਸਦੇ ਪੁਰਾਣੇ ਦੋਸਤ ਹੀ ਸਨ ਅਤੇ ਉਹ ਸੈਦਪੁਰਾ, ਪਰਾਗਪੁਰ, ਦਫ਼ਰਪੁਰ ਅਤੇ ਡੇਰਾਬੱਸੀ ਦੇ ਰਹਿਣ ਵਾਲੇ ਹਨ | ਪੀੜਤ ਨੇ ਦੱਸਿਆ ਕਿ ਹਮਲਾਵਰਾਂ ਕੋਲ ਡੰਡੇ ਅਤੇ ਕਿਰਪਾਨਾਂ ਵਰਗੇ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਬੇਰਹਿਮੀ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ | ਇਸ ਹਮਲੇ ਤੋਂ ਬਾਅਦ ਰਾਹਗੀਰਾਂ ਨੇ ਉਸ ਨੂੰ ਲਹੂ-ਲੁਹਾਣ ਹਾਲਤ ਵਿਚ ਸੰਭਾਲਦੇ ਹੋਏ ਸਿਵਲ ਹਸਪਤਾਲ ਪਹੁੰਚਾਇਆ | ਇਸ ਹਮਲੇ 'ਚ ਮਨਵੀਰ ਦੇ ਸਿਰ ਵਿਚ ਕਾਫੀ ਟਾਂਕੇ ਲੱਗੇ ਹਨ | ਹਾਲਾਂਕਿ ਪੀੜਤ ਨੇ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਰੰਜਿਸ਼ ਹੋਣ ਤੋਂ ਇਨਕਾਰ ਕੀਤਾ ਹੈ, ਪਰ ਹਮਲੇ ਦੇ ਕਾਰਨਾਂ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |