ਚੰਡੀਗੜ੍ਹ, 8 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਆਯੋਜਿਤ ਕੈਬਨਿਟ ਦੀ ਮੀਟਿੰਗ ਵਿਚ ਅਗਨੀਵੀਰ ਨੀਤੀ, 2024 ਨੂੰ ਪ੍ਰਵਾਨਗੀ ਦਿੱਤੀ ਗਈ | ਇਸ ਨਾਲ ਸਾਬਕਾ ਅਗਨੀਵੀਰਾਂ ਦੇ ਮੁੜ ਵਸੇਬੇ, ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਵਰਦੀਧਾਰੀ ਸੇਵਾਵਾਂ ਅਤੇ ਸੁਰੱਖਿਆ ਨਾਲ ਸਬੰਧਤ ਅਹੁਦਿਆਂ ਵਿੱਚ ਉਨ੍ਹਾਂ ਦੇ ਹੁਨਰ ਦੀ ਸਰਵੋਤਮ ਵਰਤੋਂ ਯਕੀਨੀ ਹੋ ਸਕੇਗੀ | ਨਾਲ ਹੀ ਉਨ੍ਹਾਂ ਨੂੰ ਹਰਿਆਣਾ ਸਰਕਾਰ ਦੇ ਅਧੀਨ ਸੇਵਾਵਾਂ/ਅਸਾਮੀਆਂ, ਜਿਵੇਂ ਕਿ ਫਾਰੈਸਟ ਗਾਰਡ (ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ), ਵਾਰਡਰ (ਜੇਲ੍ਹ ਵਿਭਾਗ) ਅਤੇ ਮਾਈਨਿੰਗ ਗਾਰਡ (ਖਾਣਾਂ ਅਤੇ ਭੂ-ਵਿਗਿਆਨ ਵਿਭਾਗ) ਵਿੱਚ ਮੌਜੂਦਾ 10 ਪ੍ਰਤੀਸ਼ਤ ਹਰੀਜ਼ੋਂਟਲ ਰਾਖਵਾਂਕਰਨ ਨੂੰ ਵਧਾ ਕੇ 20 ਪ੍ਰਤੀਸ਼ਤ ਕਰਨ ਦਾ ਫੈਸਲਾ ਲਿਆ ਗਿਆ |