ਚੰਡੀਗੜ੍ਹ, 10 ਅਪ੍ਰੈਲ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਮੀਡੀਆ ਇੰਚਾਰਜ ਵਿਕਰਾਂਤ ਏ. ਤੰਵਰ ਨੇ ਚੰਡੀਗੜ੍ਹ 'ਚ 1 ਅਪ੍ਰੈਲ ਤੋਂ ਲਾਗੂ ਕੀਤੀ ਗਈ 5 ਫੀਸਦੀ ਪਾਣੀ ਟੈਰਿਫ ਵਾਧੇ ਨੂੰ ਲੈ ਕੇ ਭਾਜਪਾ ਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਵਿਰੋਧ ਜਤਾਇਆ ਹੈ | ਤੰਵਰ ਨੇ ਇਸ ਵਾਧੇ ਨੂੰ 'ਪ੍ਰਸ਼ਾਸਨਿਕ ਲੁੱਟ' ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਦੀ ਜਨਤਾ ਨੂੰ ਲੁੱਟਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਸ 24*7 ਵਾਟਰ ਸਪਲਾਈ ਪ੍ਰਾਜੈਕਟ ਦਾ ਹਵਾਲਾ ਦੇ ਕੇ ਟੈਰਿਫ ਵਧਾਇਆ ਜਾ ਰਿਹਾ ਹੈ, ਉਹ ਹਕੀਕਤ ਵਿਚ ਠੱਪ ਪਿਆ ਹੈ | ਵਿਦੇਸ਼ੀ ਏਜੰਸੀ ਏ. ਐਫ਼. ਡੀ. ਨੇ ਲਾਪ੍ਰਵਾਹੀ ਤੇ ਛੇ ਮਹੀਨੇ ਇਸ ਪ੍ਰਾਜੈਕਟ ਨੂੰ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਹੈ | ਤੰਵਰ ਨੇ ਸਵਾਲ ਉਠਾਇਆ, 'ਜਦੋਂ ਸ਼ਹਿਰ ਵਿਚ ਇਕ ਇੰਚ ਵੀ ਪਾਈਪ ਨਹੀਂ ਵਿਛੀ ਤੇ ਪ੍ਰਾਜੈਕਟ ਅਧੂਰਾ ਪਿਆ ਹੈ, ਤਾਂ ਲੋਕਾਂ ਤੋਂ ਕਿਸ ਗੱਲ ਦੀ ਵਸੂਲੀ ਕੀਤੀ ਜਾ ਰਹੀ ਹੈ? ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਆਪਣੇ Tਖਾਸ ਲੋਕਾਂU ਨੂੰ ਫਾਇਦਾ ਪਹੁੰਚਾ ਰਿਹਾ ਹੈ ਅਤੇ ਭਾਜਪਾ ਬੁਨਿਆਦੀ ਸਹੂਲਤ 'ਪਾਣੀ' ਨੂੰ ਵਪਾਰ ਬਣਾਉਣ ਵਿਚ ਲੱਗੀ ਹੋਈ ਹੈ | 'ਸਹੂਲਤਾਂ ਦੇ ਨਾਂਅ 'ਤੇ ਲੋਕਾਂ ਨੂੰ ਸਾਫ਼ ਪਾਣੀ ਨਹੀਂ ਮਿਲ ਰਿਹਾ, ਜਦਕਿ 'ਸਮਾਰਟ ਸਿਟੀ' ਸਿਰਫ ਕਾਗਜ਼ਾਂ ਤੱਕ ਸੀਮਿਤ ਹੈ |' ਆਮ ਆਦਮੀ ਪਾਰਟੀ ਦੀ ਮੁੱਖ ਮੰਗ ਨੂੰ ਦੁਹਰਾਉਂਦੇ ਹੋਏ ਤੰਵਰ ਨੇ ਕਿਹਾ ਕਿ ਨਿਗਮ ਚੋਣਾਂ ਦੌਰਾਨ ਹਰ ਘਰ ਨੂੰ 20,000 ਲੀਟਰ ਮੁਫ਼ਤ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਪ੍ਰਸ਼ਾਸਨ ਜਾਣਬੁੱਝ ਕੇ ਇਸ ਨੂੰ ਲਾਗੂ ਨਹੀਂ ਹੋਣ ਦੇ ਰਿਹਾ | ਉਨ੍ਹਾਂ ਅੰਕੜੇ ਸਾਂਝੇ ਕਰਦੇ ਹੋਏ ਦੱਸਿਆ ਕਿ ਸ਼ਹਿਰ 'ਚ 50,359 ਘਰ ਅਜਿਹੇ ਹਨ ਜਿਨ੍ਹਾਂ ਦੀ ਖਪਤ 20,000 ਲੀਟਰ ਤੋਂ ਘੱਟ ਹੈ, ਅਤੇ ਉਨ੍ਹਾਂ ਨੂੰ ਮੁਫ਼ਤ ਪਾਣੀ ਦੇਣ ਦਾ ਖਰਚਾ ਕੇਵਲ 39.65 ਲੱਖ ਮਹੀਨਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਧੇ ਹੋਏ ਟੈਰਿਫ ਤੁਰੰਤ ਵਾਪਸ ਨਾ ਲਏ ਗਏ ਅਤੇ 20,000 ਲੀਟਰ ਮੁਫ਼ਤ ਪਾਣੀ ਦੀ ਨੋਟੀਫਿਕੇਸ਼ਨ ਜਾਰੀ ਨਾ ਕੀਤੀ ਗਈ, ਤਾਂ ਆਮ ਆਦਮੀ ਪਾਰਟੀ ਇਸ 'ਲੁੱਟ ਤੰਤਰ' ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰੇਗੀ |