ਐੱਸ. ਏ. ਐੱਸ. ਨਗਰ, 10 ਅਪ੍ਰੈਲ (ਕਪਿਲ ਵਧਵਾ)-ਸੀ. ਪੀ. ਡਬਲਿਊ. ਡੀ. (ਸੈਂਟਰਲ ਪਬਲਿਕ ਵਰਬਸ ਡਿਪਾਰਟਮੈਂਟ) ਅੰਮਿ੍ਤਸਰ 'ਚ ਤਾਇਨਾਤ ਐਕਸੀਅਨ ਨਿਤੀਸ਼ ਕੁਮਾਰ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ਨੇ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ | ਇਸ ਸੰਬੰਧੀ ਫ਼ੈਸਲਾ ਸਪੈਸ਼ਲ ਜੱਜ ਸੀ. ਬੀ. ਆਈ. ਬਲਜਿੰਦਰ ਸਿੰਘ ਸਰਾਂ ਵਲੋਂ ਸੁਣਾਇਆ ਗਿਆ | ਅਦਾਲਤ ਅੱਗੇ ਪੇਸ਼ ਹੋਈ ਜ਼ਮਾਨਤ ਅਰਜ਼ੀ ਦੌਰਾਨ ਬਚਾਅ ਧਿਰ ਵਲੋਂ ਸੀਨੀਅਰ ਵਕੀਲ ਕੇ. ਪੀ. ਸਿੰਘ ਨੇ ਦਲੀਲ ਦਿੰਦਿਆਂ ਕਿਹਾ ਕਿ ਪਟੀਸ਼ਨਕਰਤਾ ਜਾਂਚ ਦੌਰਾਨ ਸਹਿਯੋਗ ਕਰ ਚੁੱਕਾ ਹੈ ਅਤੇ ਹੁਣ ਹੋਰ ਹਿਰਾਸਤ ਦੀ ਲੋੜ ਨਹੀਂ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਾਮਲੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕੀਤੀ ਜਾ ਚੁੱਕੀ ਹੈ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ | ਦੂਜੇ ਪਾਸੇ ਸੀ. ਬੀ. ਆਈ. ਵਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਖ਼ਿਲਾਫ਼ ਗੰਭੀਰ ਦੋਸ਼ ਹਨ, ਪਰ ਅਦਾਲਤ ਨੇ ਰਿਕਾਰਡ ਦੀ ਜਾਂਚ ਅਤੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਮੁਲਜ਼ਮ 10 ਫਰਵਰੀ ਤੋਂ ਹਿਰਾਸਤ ਵਿਚ ਹੈ ਤੇ ਸਾਰੀ ਬਰਾਮਦਗੀ ਹੋ ਚੁੱਕੀ ਹੈ ਅਤੇ ਜਾਂਚ ਮੁਕੰਮਲ ਹੋ ਗਈ ਹੈ, ਇਸ ਲਈ ਹੋਰ ਹਿਰਾਸਤ ਦਾ ਕੋਈ ਵਾਜ਼ਬ ਮਕਸਦ ਨਹੀਂ ਬਣਦਾ | ਇਸ ਦੇ ਚਲਦਿਆਂ ਅਦਾਲਤ ਨੇ ਮੁਲਜ਼ਮ ਨੂੰ 25 ਹਜ਼ਾਰ ਰੁ. ਦੇ ਜ਼ਮਾਨਤੀ ਮੁਚੱਲਕੇ 'ਤੇ ਰਿਹਾਅ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ | ਜ਼ਿਕਰਯੋਗ ਹੈ ਕਿ ਇਹ ਮਾਮਲਾ ਸੀ. ਬੀ. ਆਈ. ਵਲੋਂ ਦਰਜ ਐਫ. ਆਈ. ਆਰ. ਨਾਲ ਸੰਬੰਧਿਤ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਨੇ 72 ਕਰੋੜ ਰੁ. ਦੇ ਉਸਾਰੀ ਕੰਟਰੈਕਟ ਸੰਬੰਧੀ ਬਿੱਲਾਂ ਦੀ ਅਦਾਇਗੀ ਲਈ 0.10 ਫ਼ੀਸਦੀ ਰਿਸ਼ਵਤ ਮੰਗੀ ਸੀ ਅਤੇ ਸੀ. ਬੀ. ਆਈ. ਨੇ ਜਾਅਲ ਵਿਛਾ ਕੇ ਉਸ ਨੂੰ 2.50 ਲੱਖ ਰੁ. ਦੀ ਰਾਸ਼ੀ ਲੈਂਦਿਆਂ ਰੰਗੇ-ਹੱਥੀਂ ਕਾਬੂ ਕਰ ਲਿਆ ਸੀ |