ਡੇਰਾਬੱਸੀ, 10 ਅਪ੍ਰੈਲ (ਗੁਰਮੀਤ ਸਿੰਘ)-ਅੰਬਾਲਾ ਤੋਂ ਆਉਣ ਵਾਲੀਆਂ ਹਰਿਆਣਾ ਰੋਡਵੇਜ਼ ਬੱਸਾਂ ਨੂੰ ਨਿਯਮਾਂ ਮੁਤਾਬਕ ਡੇਰਾਬੱਸੀ ਬੱਸ ਸਟੈਂਡ 'ਤੇ ਰੁਕਣਾ ਚਾਹੀਦਾ ਹੈ ਅਤੇ ਉਥੋਂ ਹੀ ਸਵਾਰੀਆਂ ਨੂੰ ਚੜ੍ਹਾਉਣਾ ਤੇ ਉਤਾਰਨਾ ਹੁੰਦਾ ਹੈ, ਪਰ ਬੱਸ ਚਾਲਕ ਇਹ ਨਿਯਮ ਤੋੜ ਰਹੇ ਹਨ | ਰੋਜ਼ਾਨਾ ਸੜਕਾਂ 'ਤੇ ਵੇਖਿਆ ਜਾ ਰਿਹਾ ਹੈ ਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਿਰਧਾਰਤ ਸਟਾਪਾਂ 'ਤੇ ਨਾ ਰੁਕ ਕੇ ਜਿਥੇ ਮਨ ਕਰੇ ਉਥੇ ਸਵਾਰੀਆਂ ਚੜ੍ਹਾਉਂਦੀਆਂ ਅਤੇ ਉਤਾਰਦੀਆਂ ਹਨ | ਇਸ ਨਾਲ ਟ੍ਰੈਫ਼ਿਕ 'ਚ ਅਚਾਨਕ ਰੁਕਾਵਟ ਪੈਂਦੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ | ਇਸ ਸੰਬੰਧੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਗਲਤ ਪ੍ਰਥਾ ਲੰਮੇ ਸਮੇਂ ਤੋਂ ਚੱਲ ਰਹੀ ਹੈ, ਪਰ ਪ੍ਰਸ਼ਾਸਨ ਵਲੋਂ ਇਸ ਸੰਬੰਧੀ ਕੋਈ ਸਖ਼ਤ ਕਾਰਵਾਈ ਨਹੀਂ ਹੋ ਰਹੀ | ਲੋਕਾਂ ਨੇ ਮੰਗ ਕੀਤੀ ਹੈ ਕਿ ਬੱਸਾਂ ਨੂੰ ਸਿਰਫ਼ ਨਿਰਧਾਰਤ ਸਟੈਂਡ 'ਤੇ ਹੀ ਰੁਕਣ ਦੀ ਆਗਿਆ ਹੋਵੇ ਅਤੇ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਡੇਰਾਬੱਸੀ ਅੰਦਰ ਆਉਣ ਦੀ ਥਾਂ ਬੱਸਾਂ ਫਲਾਈ ਓਵਰ ਤੋਂ ਹੀ ਨਿਕਲ ਜਾਂਦੀਆਂ ਹਨ | ਇਸ ਨਾਲ ਬੱਸ ਸਟੈਂਡ 'ਤੇ ਖੜ੍ਹੀਆਂ ਸਵਾਰੀਆਂ ਇੰਤਜ਼ਾਰ ਕਰਦੀਆਂ ਰਹਿ ਜਾਂਦੀਆਂ ਹਨ | ਅੰਬਾਲਾ ਵਲੋਂ ਆਉਣ ਵਾਲੀਆਂ ਸਵਾਰੀਆਂ ਨੂੰ ਵੀ ਫਲਾਈ ਓਵਰ 'ਤੇ ਹੀ ਬੱਸ ਅੱਡੇ ਤੋਂ ਦੂਰ ਉਤਾਰ ਦਿੱਤਾ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਤਕਲੀਫ਼ ਹੁੰਦੀ ਹੈ | ਇਸ ਕਾਰਨ ਬਜ਼ੁਰਗ ਯਾਤਰੀ ਵਿਸ਼ੇਸ਼ ਤੌਰ 'ਤੇ ਪ੍ਰੇਸ਼ਾਨ ਹੁੰਦੇ ਹਨ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਬੱਸ ਚਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਬੱਸਾਂ ਨੂੰ ਬੱਸ ਸਟੈਂਡ ਤੱਕ ਲਿਆਉਣ ਦੇ ਨਿਰਦੇਸ਼ ਦਿੱਤੇ ਜਾਣ |