ਚੰਡੀਗੜ੍ਹ, 16 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਜਨਗਣਨਾ2027 ਦੇ ਤਹਿਤ ਡਿਜ਼ੀਟਲ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਆਨਲਾਈਨ ਸਵੈ-ਗਿਣਤੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ | ਇਸ ਸਬੰਧੀ ਯੂ.ਟੀ. ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਵਲੋਂ ਅੱਜ ਜਨਗਣਨਾ ਪੋਰਟਲ ਰਾਹੀਂ ਆਪਣੀ ਸਵੈ-ਗਿਣਤੀ ਕਰਕੇ ਲੋਕਾਂ ਲਈ ਮਿਸਾਲ ਕਾਇਮ ਕੀਤੀ ਗਈ | ਇਸ ਮੌਕੇ ਡਾਇਰੈਕਟੋਰੇਟ ਆਫ਼ ਸੈਂਸਸ ਓਪਰੇਸ਼ਨਜ਼ ਦੀ ਡਾਇਰੈਕਟਰ ਡਾ. ਨਵਜੋਤ ਖੋਸਾ ਅਤੇ ਡੀ.ਸੀ ਕਮ-ਪਿ੍ੰਸੀਪਲ ਸੈਂਸਸ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਵੀ ਮੌਜੂਦ ਰਹੇ ਅਤੇ ਉਨ੍ਹਾਂ ਵਲੋਂ ਸਵੈ-ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕਰਵਾਇਆ ਗਿਆ | ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੇ ਕਿਹਾ ਕਿ ਜਨਗਣਨਾ ਲਈ ਸਹੀ ਅਤੇ ਪੂਰੀ ਜਾਣਕਾਰੀ ਇਕੱਠੀ ਕਰਨਾ ਸਰਕਾਰੀ ਯੋਜਨਾਬੰਦੀ ਅਤੇ ਨੀਤੀਆਂ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਡਿਜ਼ੀਟਲ ਸਵੈ-ਗਿਣਤੀ ਪ੍ਰਣਾਲੀ ਸੌਖੀ, ਤੇਜ਼ ਅਤੇ ਸੁਰੱਖਿਅਤ ਹੈ, ਜਿਸ ਨਾਲ ਨਾਗਰਿਕ ਆਪਣੀ ਸਹੂਲਤ ਅਨੁਸਾਰ ਘਰ ਬੈਠੇ ਹੀ ਜਾਣਕਾਰੀ ਭਰ ਸਕਦੇ ਹਨ | ਉਨ੍ਹਾਂ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਵਿਧਾ ਦਾ ਲਾਭ ਲੈਣ ਅਤੇ ਜਨਗਣਨਾ2027 'ਚ ਆਪਣਾ ਯੋਗਦਾਨ ਪਾਉਣ | ਡਾਇਰੈਕਟੋਰੇਟ ਆਫ ਸੈਂਸਸ ਓਪਰੇਸ਼ਨਜ਼, ਯੂ.ਟੀ. ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ | ਨਾਗਰਿਕਾਂ ਦੀ ਸਹਾਇਤਾ ਲਈ 1855 ਨੰਬਰ 'ਤੇ ਟੋਲ-ਫ੍ਰੀ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ, ਜਿਸ ਰਾਹੀਂ ਉਹ ਆਪਣੀਆਂ ਸ਼ੰਕਾਵਾਂ ਦਾ ਨਿਵਾਰਨ ਕਰ ਸਕਦੇ ਹਨ |