ਐੱਸ. ਏ. ਐੱਸ. ਨਗਰ, 16 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਏ. ਆਈ. ਅਤੇ ਤੇਜ਼ੀ ਨਾਲ ਬਦਲਦੀ ਤਕਨਾਲੋਜੀ ਦੇ ਨਾਲ ਅਸੀਂ ਫ਼ਿਲਮ ਮੇਕਿੰਗ ਦੇ ਇਕ ਨਵੇਂ ਦੌਰ 'ਚ ਕਦਮ ਰੱਖ ਰਹੇ ਹਾਂ | ਅਗਲੇ ਪੰਜ ਸਾਲਾਂ 'ਚ ਚੀਜ਼ਾਂ ਹੋਰ ਵੀ ਜ਼ਿਆਦਾ ਬਦਲ ਜਾਣਗੀਆਂ, ਇਸ ਲਈ ਸਾਨੂੰ ਲਗਾਤਾਰ ਖ਼ੁਦ ਨੂੰ ਨਵੇਂ ਸਿਰੇ ਤੋਂ ਤਰਾਸ਼ਦੇ ਰਹਿਣਾ ਪਵੇਗਾ ਅਤੇ ਬਦਲਦੇ ਹਾਲਾਤਾਂ ਮੁਤਾਬਿਕ ਢਲਣਾ ਹੋਵੇਗਾ | ਏ. ਆਈ. ਸਾਡੇ ਲਈ ਬਹੁਤ ਵਧੀਆ ਹੈ, ਪਰ ਮੇਰਾ ਅੱਜ ਵੀ ਇਹ ਮੰਨਣਾ ਹੈ ਕਿ ਇਨਸਾਨੀ ਛੋਹ ਤੋਂ ਬਿਨਾਂ ਏ. ਆਈ. ਵਧੀਆ ਕੰਮ ਨਹੀਂ ਕਰੇਗਾ ਕਿਉਂਕਿ ਕਹਾਣੀ ਸੁਣਾਉਣਾ ਇਕ ਕਲਾ ਹੈ ਅਤੇ ਇਸ ਨੂੰ ਇਨਸਾਨੀ ਜਜ਼ਬਾਤਾਂ 'ਚ ਬਿਆਨ ਕਰਕੇ ਹੀ ਅਸੀਂ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਅਤੇ ਇਨਸਾਨੀ ਜਜ਼ਬਾਤਾਂ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਦਮਸ੍ਰੀ ਅਤੇ ਕੌਮੀ ਪੁਰਸਕਾਰ ਨਾਲ ਸਨਮਾਨਿਤ ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਦੋ ਰੋਜ਼ਾ ਸਾਹਿਤ ਉਤਸਵ 'ਲਿਟਵਰਸ' ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ | ਸਿਨੇਮਾ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਫ਼ਿਲਮਸਾਜ਼ ਮਧੁਰ ਭੰਡਾਰਕਰ ਨੇ ਕਿਹਾ ਕਿ ਭਾਰਤ 'ਚ ਸਿਨੇਮਾ ਦਾ ਲੋਕਾਂ ਨਾਲ ਇਕ ਡੂੰਘਾ ਭਾਵਨਾਤਮਕ ਜੁੜਾਅ ਹੈ | ਇਸੇ ਦੌਰਾਨ ਜੰਗ ਅਤੇ ਸਾਹਿਤ ਵਿਸ਼ੇ 'ਤੇ ਕਰਵਾਏ ਗਏ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਲੈਫ਼. ਜਨਰਲ ਪੀ. ਵੀ. ਐਸ. ਐਮ./ਏ. ਵੀ. ਐਸ. ਐਮ. (ਬਾਰ) ਕੇ. ਜੇ. ਸਿੰਘ ਨੇ ਕਿਹਾ ਕਿ ਜ਼ਿੰਦਗੀ ਯੂਨੀਵਰਸਿਟੀ ਦੀ ਪੜ੍ਹਾਈ ਦੇ ਸਿਲੇਬਸ ਵਾਂਗ ਨਹੀਂ ਚਲਦੀ | ਉਨ੍ਹਾਂ ਕਿਹਾ ਕਿ ਜ਼ਿੰਦਗੀ ਤੁਹਾਡੇ ਸਾਹਮਣੇ ਅਜਿਹੀਆਂ ਚੁਣੌਤੀਆਂ ਪੇਸ਼ ਕਰਦੀ ਹੈ, ਜੋ ਕਿ ਤੁਹਾਡੀਆਂ ਸਿੱਖੀਆਂ ਹੋਈਆਂ ਗੱਲਾਂ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ | ਉਨ੍ਹਾਂ ਕਿਹਾ ਜੰਗ ਵੀ ਅਜਿਹੀ ਚੀਜ਼ ਹੈ, ਜੋ ਕਿ ਕਦੇ ਵੀ ਸਿੱਧੀ ਸਾਦੀ ਜਾਂ ਪਹਿਲਾਂ ਤੋਂ ਅੰਦਾਜ਼ਾ ਲਗਾ ਕੇ ਨਹੀਂ ਚਲਦੀ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪ ਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਇਕ ਅਜਿਹਾ ਅਕਾਦਮਿਕ ਮਾਹੌਲ ਸਿਰਜਿਆ ਹੈ, ਜੋ ਕਈ ਤਰ੍ਹਾਂ ਦੀਆਂ ਗ਼ੈਰ ਅਕਾਦਮਿਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਤੇ ਜ਼ੋਰ ਦਿੰਦਾ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਵਿਵਹਾਰਕ ਸਿਖਲਾਈ ਦਾ ਵੀ ਤਜ਼ਰਬਾ ਦਿੰਦਾ ਹੈ | ਇਸ ਤੋਂ ਪਹਿਲਾਂ ਸਾਹਿਤ ਉਤਸਵ ਦੇ ਉਦਘਾਟਨ ਵਾਲੇ ਦਿਨ ਇਕ ਕਵੀ ਸੰਮੇਲਨ ਵੀ ਕਰਵਾਇਆ ਗਿਆ ਸੀ |