ਡੇਰਾਬੱਸੀ, 16 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸਥਾਨਕ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਦੌਰਾਨ ਵੋਟਰ ਸੂਚੀਆਂ ਨੂੰ ਤਰੁੱਟੀ-ਮੁਕਤ ਅਤੇ ਪਾਰਦਰਸ਼ੀ ਬਣਾਉਣ ਦੀ ਮੰਗ ਜ਼ੋਰ ਫੜ੍ਹਨ ਲੱਗੀ ਹੈ | ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਿੰਦਰ ਸਿੰਘ ਹਨੀ ਅਤੇ ਭਾਜਪਾ ਆਗੂ ਪਵਨ ਧੀਮਾਨ ਵਲੋਂ ਉਪ-ਮੰਡਲ ਮੈਜਿਸਟ੍ਰੇਟ ਅਮਿਤ ਗੁਪਤਾ ਨੂੰ ਇਕ ਵਿਸ਼ੇਸ਼ ਪੱਤਰ ਸੌਂਪਿਆ ਗਿਆ ਹੈ, ਜਿਸ 'ਚ ਵੋਟਰ ਸੂਚੀਆਂ ਦੇ ਨਾਲ-ਨਾਲ ਵਾਰਡਾਂ ਦੇ ਅਧਿਕਾਰਤ ਨਕਸ਼ੇ ਜਨਤਕ ਕਰਨ ਦੀ ਪੁਰਜ਼ੋਰ ਵਕਾਲਤ ਕੀਤੀ ਗਈ ਹੈ | ਦੋਵੇਂ ਆਗੂਆਂ ਨੇ ਖਦਸ਼ਾ ਜਾਹਿਰ ਕੀਤਾ ਕਿ ਨਕਸ਼ਿਆਂ ਦੀ ਗ਼ੈਰ-ਮੌਜੂਦਗੀ 'ਚ ਚੋਣ ਪ੍ਰਕਿਰਿਆ ਦੌਰਾਨ ਵੱਡੀਆਂ ਗੜਬੜੀਆਂ ਅਤੇ ਵੋਟਾਂ ਦੀ ਅਦਲਾ-ਬਦਲੀ ਹੋਣ ਦਾ ਖਦਸ਼ਾ ਹੈ | ਐਸ. ਡੀ. ਐਮ. ਨੂੰ ਸੌਂਪੇ ਪੱਤਰ 'ਚ ਹਰਿੰਦਰ ਸਿੰਘ ਹਨੀ ਨੇ ਨੁਕਤਾ ਉਠਾਇਆ ਹੈ ਕਿ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਗਈਆਂ ਮੌਜੂਦਾ ਵੋਟਰ ਸੂਚੀਆਂ 'ਚ ਵਾਰਡਾਂ ਦੀਆਂ ਭੂਗੋਲਿਕ ਹੱਦਾਂ ਸਪੱਸ਼ਟ ਨਹੀਂ ਹਨ | ਉਨ੍ਹਾਂ ਕਿਹਾ ਕਿ ਅਧਿਕਾਰਤ ਨਕਸ਼ਾ ਨਾ ਹੋਣ ਕਾਰਨ ਇਹ ਪਤਾ ਲਗਾਉਣਾ ਅਸੰਭਵ ਹੋ ਜਾਂਦਾ ਹੈ ਕਿ ਕਿਸੇ ਖਾਸ ਵਾਰਡ ਦੀ ਸੀਮਾ ਕਿਥੇ ਖ਼ਤਮ ਹੁੰਦੀ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਅਕਸਰ ਦੂਜੇ ਵਾਰਡਾਂ ਦੀਆਂ ਵੋਟਾਂ ਗ਼ਲਤ ਤਰੀਕੇ ਨਾਲ ਕਿਸੇ ਹੋਰ ਵਾਰਡ 'ਚ ਸ਼ਾਮਿਲ ਕਰ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਵੋਟਰ ਲਿਸਟ ਦੇ ਨਾਲ ਵਾਰਡ ਦਾ ਨਕਸ਼ਾ ਉਪਲੱਬਧ ਹੋਵੇਗਾ ਤਾਂ ਹੀ ਆਮ ਲੋਕ ਅਤੇ ਸਿਆਸੀ ਨੁਮਾਇੰਦੇ ਗ਼ਲਤ ਵਾਰਡਾਂ 'ਚ ਬਣੀਆਂ ਵੋਟਾਂ 'ਤੇ ਇਤਰਾਜ਼ ਦਰਜ ਕਰਵਾ ਸਕਣਗੇ | ਇਸ ਸੰਬੰਧੀ ਉਨ੍ਹਾਂ ਵਲੋਂ ਭੇਜੀ ਗਈ ਈ. ਮੇਲ ਅਤੇ ਦਿੱਤੀ ਗਈ ਸ਼ਿਕਾਇਤ 'ਚ ਕਿਹਾ ਗਿਆ ਕਿ ਵੋਟਾਂ ਦੀ ਸਹੀ ਪਛਾਣ ਅਤੇ ਸਮੇਂ ਸਿਰ ਸੋਧ ਨਿਰਪੱਖ ਚੋਣਾਂ ਦੀ ਪਹਿਲੀ ਸ਼ਰਤ ਹੈ | ਨਕਸ਼ਾ ਨਾ ਹੋਣ ਕਾਰਨ ਵੋਟਰਾਂ 'ਚ ਭਾਰੀ ਭੰਬਲਭੂਸਾ ਪਾਇਆ ਜਾ ਰਿਹਾ ਹੈ, ਜੋ ਕਿ ਚੋਣਾਂ ਦੌਰਾਨ ਕਿਸੇ ਵੱਡੇ ਵਿਵਾਦ ਜਾਂ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ | ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਤੰਤਰ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਤੁਰੰਤ ਹਰੇਕ ਵਾਰਡ ਦੀ ਵੋਟਰ ਲਿਸਟ ਨਾਲ ਉਸ ਦਾ ਸੰਬੰਧਿਤ ਨਕਸ਼ਾ ਨੱਥੀ ਕਰਨ ਦੇ ਹੁਕਮ ਜਾਰੀ ਕੀਤੇ ਜਾਣ |