ਪੰਚਕੂਲਾ, 18 ਅਪ੍ਰੈਲ (ਕਪਿਲ)-ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚ. ਐਸ. ਐਸ. ਸੀ.) ਵਲੋਂ ਗਰੁੱਪ-ਸੀ ਪੀ. ਐਮ. ਟੀ. ਪ੍ਰੀਖਿਆ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨ ਦੇ ਮੈਂਬਰ ਭੁਪਿੰਦਰ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਪ੍ਰੀਖਿਆ ਦਾ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤੇ ਪ੍ਰੀਖਿਆ ਨੂੰ ਆਧੁਨਿਕ ਤਕਨਾਲੋਜੀ ਤੇ ਪੂਰੀ ਪਾਰਦਰਸ਼ਤਾ ਨਾਲ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪੀ. ਐਮ. ਟੀ. ਦਾ ਪਹਿਲਾ ਬੈਚ ਭਲਕੇ 20 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਅਤੇ ਰੋਜ਼ਾਨਾ ਚਾਰ ਬੈਚਾਂ 'ਚ ਪ੍ਰੀਖਿਆ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਰੋਜ਼ਾਨਾ 1500 ਤੋਂ 2000 ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ ਤੇ ਨੇੜਲੇ ਭਵਿੱਖ 'ਚ ਇਸ ਗਿਣਤੀ ਨੂੰ ਵਧਾ ਕੇ 3000 ਤੱਕ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਉਨ੍ਹਾਂ ਦੇ ਅੰਕਾਂ ਅਤੇ ਮੈਰਿਟ ਦੇ ਆਧਾਰ 'ਤੇ ਸੱਦਿਆ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਐਡਮਿਟ ਕਾਰਡ ਚੈੱਕ ਕਰਨ ਤੋਂ ਬਾਅਦ ਹੀ ਪ੍ਰੀਖਿਆ ਕੇਂਦਰ 'ਚ ਐਂਟਰੀ ਮਿਲੇਗੀ, ਜਿਸ ਤੋਂ ਬਾਅਦ ਆਧਾਰ ਆਧਾਰਿਤ ਬਾਇਓਮੈਟਿ੍ਕ ਵੈਰੀਫਿਕੇਸ਼ਨ ਅਤੇ ਸੀਰੀਅਲ ਨੰਬਰ ਦੇ ਜ਼ਰੀਏ ਉਨ੍ਹਾਂ ਨੂੰ ਅੱਗੇ ਭੇਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫਿਜ਼ੀਕਲ ਮਈਅਰਮੈਂਟ ਲਈ 21 ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਨਾਲ ਇਕੋ ਸਮੇਂ 21 ਉਮੀਦਵਾਰਾਂ ਦੀ ਜਾਂਚ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਸੁਵਿਧਾ ਲਈ ਬੈਗ ਰੱਖਣ ਦੀ ਵਿਵਸਥਾ ਵੀ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਕੀਮਤੀ ਸਾਮਾਨ ਨਾਲ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਇਤਰਾਜ ਲਈ ਪ੍ਰੀਖਿਆ ਸਥਾਨ 'ਤੇ ਅਪੀਲ ਕਾਊਾਟਰ ਵੀ ਬਣਾਇਆ ਗਿਆ ਹੈ ਤੇ ਆਵਾਜਾਈ ਨੂੰ ਸੁਚਾਰੂ ਬਣਾਏ ਰੱਖਣ ਲਈ ਜ਼ੀਰਕਪੁਰ (ਪੰਜਾਬ) ਤੋਂ ਬੱਸਾਂ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ ਸਵੇਰੇ 5 ਵਜੇ ਚੱਲ ਕੇ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਪੁੱਜਣਗੀਆਂ | ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਰਾਹੀਂ ਪੁਲਿਸ, ਫੋਰੈਸਟ ਰੇਂਜਰ, ਰੇਲਵੇ ਗਾਰਡ ਅਤੇ ਫੋਰੈਸਟ ਗਾਰਡ ਵਰਗੀਆਂ ਭਰਤੀਆਂ ਲਈ ਲਗਭਗ 2.80 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਉਨ੍ਹਾਂ ਕਿਹਾ ਕਿ ਪੂਰੀ ਪ੍ਰਕਿਰਿਆ ਦੇ 60 ਤੋਂ 80 ਦਿਨਾਂ 'ਚ ਮੁਕੰਮਲ ਹੋਣ ਦੀ ਸੰਭਾਵਨਾ ਹੈ | ਗਰਮੀ ਨੂੰ ਧਿਆਨ 'ਚ ਰੱਖਦੇ ਹੋਏ ਮੈਡੀਕਲ ਸੁਵਿਧਾਵਾਂ, ਓ. ਆਰ. ਐਸ. ਘੋਲ ਤੇ ਦੌੜ ਲਈ ਸਵੇਰੇ ਅਤੇ ਸ਼ਾਮ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ | ਇਸ ਦੇ ਨਾਲ ਹੀ ਮੈਡੀਕਲ ਟੀਮ ਵੀ ਮੌਕੇ 'ਤੇ ਤਾਇਨਾਤ ਰਹੇਗੀ |