ਚੰਡੀਗੜ੍ਹ, 22 ਅਪ੍ਰੈਲ (ਅਜਾਇਬ ਸਿੰਘ ਔਜਲਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਦੀਆਂ ਡਿਊਟੀਆਂ ਵੱਖ-ਵੱਖ ਸਕੀਮਾਂ ਵਿਚ ਵੱਖ-ਵੱਖ ਵਿਭਾਗਾਂ ਦੇ ਕੰਮਾਂ ਵਿਚ ਲਾਈਆਂ ਜਾ ਰਹੀਆਂ ਹਨ ਜਿਵੇਂ ਡਰੱਗ ਸਰਵੇ, ਆਰਥਿਕ ਜਨਗਣਨਾ, ਮੇਨ ਜਨਗਣਨਾ, (ਸੈਂਸਸ) ਵਿਚ ਡਿਊਟੀ ਲਾਈ ਜਾ ਰਹੀ ਹੈ, ਜਦਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ 'ਚ ਆਂਗਣਵਾੜੀ ਵਰਕਰਾਂ ਨੂੰ ਪਹਿਲਾਂ ਤੋਂ ਹੀ ਝੋਕਿਆ ਹੋਇਆ ਹੈ | ਹਰਗੋਬਿੰਦ ਕੌਰ ਨੇ ਕਿਹਾ ਕਿ ਇਕ ਪਾਸੇ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਵਿਧਾਨ ਸਭਾ ਵਿਚ ਬਿਆਨ ਦਿੰਦੇ ਹਨ ਕਿ ਆਂਗਣਵਾੜੀ ਵਰਕਰ ਕੇਵਲ ਚਾਰ ਘੰਟੇ ਕੰਮ ਕਰਦੀਆਂ ਹਨ ਅਤੇ ਇਹ ਸੋਸ਼ਲ ਵਰਕਰ ਹਨ ਮਾਣਭੱਤੇ 'ਤੇ ਕੰਮ ਕਰਦੇ ਹਨ | ਇਨ੍ਹਾਂ ਨੂੰ ਘੱਟੋ-ਘੱਟ ਉਜ਼ਰਤਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ | ਦੂਜੇ ਪਾਸੇ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਚਿੱਠੀਆਂ ਕੱਢ ਕੇ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਲਾ ਰਹੀ ਹੈ ਅਤੇ ਇਕ ਚਿੱਠੀ ਕੱਢੀ ਗਈ ਹੈ ਕਿ ਆਂਗਣਵਾੜੀ ਵਰਕਰ ਐਤਵਾਰ ਵੀ ਛੁੱਟੀ ਨਹੀਂ ਕਰਨਗੀਆਂ, ਉਹ ਮਾਵਾਂ ਧੀਆਂ ਯੋਜਨਾ ਦੇ ਸਤਿਕਾਰ ਯੋਜਨਾ ਦੇ ਵਿਚ ਫਾਰਮ ਭਰਨਗੀਆਂ | ਕੀ ਸਰਕਾਰ ਇਸ ਗੱਲ 'ਤੇ ਜਵਾਬ ਦੇਵੇਗੀ ਕਿ ਆਂਗਣਵਾੜੀ ਵਰਕਰਾਂ ਹੁਣ ਸਰਕਾਰੀ ਕਰਮਚਾਰੀ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ ਕਿ ਉਹ ਮਾਣ ਭੱਤੇ 'ਤੇ ਕੰਮ ਕਰਦੀਆਂ ਹਨ | ਜੇਕਰ ਆਂਗਣਵਾੜੀ ਵਰਕਰ ਨੇ ਸਖੀ ਦੇ ਕੋਡ ਨੰਬਰ ਤੋਂ ਬਿਨਾਂ ਕੋਈ ਫਾਰਮ ਆਪਣੇ ਆਪ ਭਰ ਦਿੱਤਾ ਤਾਂ ਉਸਨੂੰ ਆਂਗਣਵਾੜੀ ਵਰਕਰ ਨੂੰ 25 ਰੁਪਏ ਵੀ ਨਹੀਂ ਦਿੱਤੇ ਜਾਣਗੇ | ਜੇਕਰ ਸਰਕਾਰ ਨੇ ਧੱਕਾ ਬੰਦ ਨਾ ਕੀਤਾ ਤਾਂ ਜਥੇਬੰਦੀ ਵਲੋਂ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਜਾਏਗਾ |