ਚੰਡੀਗੜ੍ਹ, 22 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ(ਲਲਕਾਰ) ਨੇ ਪੋਸਟਰ ਅਤੇ ਕਿਤਾਬ ਨੁਮਾਇਸ਼ ਲਗਾਈ ਗਈ | ਜਿਸ ਵਿਚ ਕਵਿਤਾਵਾਂ, ਟੂਕਾਂ ਅਤੇ ਪੇਂਟਿੰਗਾਂ ਦੇ ਪੋਸਟਰ ਖਾਸ ਕਰਕੇ ਵਿਸ਼ਵ ਕਲਾਸਿਕ ਸਾਹਿਤ, ਕਵਿਤਾ, ਪੰਜਾਬੀ ਇਤਿਹਾਸ, ਅਤੇ ਇਨਕਲਾਬੀ ਲਹਿਰ ਦੇ ਯੋਧਿਆਂ ਦੀਆਂ ਰਚਨਾਵਾਂ ਨੇ ਵਿਦਿਆਰਥੀਆਂ ਦਾ ਧਿਆਨ ਖਿੱਚਿਆ | ਵਿਦਿਆਰਥੀਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਦੀ ਕਿਤਾਬ 'ਇਨਕਲਾਬ ਦਾ ਸੁਨੇਹਾ', ਇਨਕਲਾਬੀ ਕਵੀ ਪਾਸ਼ ਦੀਆਂ ਕਵਿਤਾਵਾਂ, ਮੈਕਸਿਮ ਗੋਰਕੀ ਦੇ ਨਾਵਲ ਅਤੇ ਹਿੰਦੀ ਕਹਾਣੀਆਂ ਕਾਫੀ ਪਸੰਦ ਕੀਤੀਆਂ | ਪੀ.ਐੱਸ.ਯੂ (ਲਲਕਾਰ) ਲਗਾਤਾਰ ਇਨਕਲਾਬੀ ਵਿਦਿਆਰਥੀ ਸਿਆਸਤ ਵਿਚ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਲਈ ਵਿੱਦਿਅਕ ਅਦਾਰਿਆਂ ਵਿਚ ਅਜਿਹੇ ਪ੍ਰੋਗਰਾਮਾਂ ਰਾਹੀਂ ਅਗਾਂਹਵਧੂ ਵਿਚਾਰਾਂ ਨੂੰ ਵਿਦਿਆਰਥੀਆਂ ਤੱਕ ਲਿਜਾਉਣ ਦਾ ਕੰਮ ਕਰਦੀ ਰਹੇਗੀ | ਇਕ ਟਿੱਪਣੀ ਕਰਦੇ ਹੋਏ ਲਲਕਾਰ ਦੀ ਆਗੂ ਤੇ ਵਿਦਿਆਰਥਣ ਸਾਰਾ ਨੇ ਪ੍ਰਸ਼ਾਸਨ ਅਤੇ ਵਿਦਿਆਰਥੀ ਕੌਂਸਲ ਵਲੋਂ ਕਈ ਪ੍ਰੋਗਰਾਮਾਂ 'ਤੇ ਲੱਖਾਂ ਖਰਚ ਕੇ ਕੈਂਪਸ ਨੂੰ ਇਕ ਸ਼ੌਪਿੰਗ ਮਾਲ ਬਣਾਉਣ 'ਤੇ ਜੋਰ ਦੇਣ 'ਤੇ ਵਿਰੋਧ ਕੀਤਾ | ਇਸ ਦੇ ਉਲਟ ਯੂਨੀਵਰਸਿਟੀ ਵਿਚ ਖੋਜੀ ਅਤੇ ਬੌਧਿਕ ਸਰਗਰਮੀ ਲਈ ਪ੍ਰਸ਼ਾਸਨ ਨੂੰ ਕੋਈ ਚਿੰਤਾ ਨਹੀਂ | ਵਿਦਿਆਰਥੀਆਂ ਲਈ ਸਿੱਖਿਆ ਦਾ ਮਤਲਬ ਸਿਰਫ ਟੈਸਟ, ਪ੍ਰੀਖਿਆ, ਅਤੇ ਹਾਜਰੀ ਪੂਰੀ ਕਰਨ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ | ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਇਸ ਮਾਹੌਲ ਨੂੰ ਬਦਲਣ ਲਈ ਅਤੇ ਵਿਦਿਆਰਥੀਆਂ ਨੂੰ ਇਨਕਲਾਬੀ ਸਿਆਸਤ ਅਤੇ ਵਿਚਾਰਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਲਗਾਤਾਰ ਕਰਦੀ ਰਹਿੰਦੀ ਹੈ |