ਚੰਡੀਗੜ੍ਹ, 22 ਅਪ੍ਰੈਲ (ਰਾਮ ਸਿੰਘ ਬਰਾੜ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਈ, ਜਿਸ 'ਚ 27 ਅਪ੍ਰੈਲ ਨੂੰ ਹਰਿਆਣਾ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਸੈਸ਼ਨ 'ਚ ਗਰੁੱਪ-ਡੀ ਕਰਮਚਾਰੀਆਂ ਦੇ ਪ੍ਰਮੋਸ਼ਨ ਲਈ ਹਰਿਆਣਾ ਕਲੈਰੀਕਲ ਸਰਵਿਸਿਜ਼ ਬਿੱਲ ਲਿਆਇਆ ਜਾਵੇਗਾ | ਮੀਟਿੰਗ ਬਾਅਦ ਮੁੱਖ ਮੰਤਰੀ ਨੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੈਬਨਿਟ ਦੀ ਮੀਟਿੰਗ ਵਿਚ ਕਾਮਨ ਕੇਡਰ ਦੇ ਗਰੁੱਪ-ਡੀ ਕਰਮਚਾਰੀਆਂ ਦੇ ਪ੍ਰਮੋਸ਼ਨ ਲਈ ਜ਼ਰੂਰੀ ਨਿਯਮ ਬਣਾਉਣ 'ਤੇ ਸਹਿਮਤੀ ਬਣੀ ਹੈ | ਕਾਮਨ ਕੈਡਰ ਗਰੁੱਪ-ਡੀ ਕਰਮਚਾਰੀਆਂ ਨੇ ਪੰਜ ਸਾਲ ਤੋਂ ਵੱਧ ਦੀ ਸਰਵਿਸ ਪੂਰੀ ਕਰ ਲਈ ਹੈ ਅਤੇ ਉਹ ਕਲਰਕ ਦੇ ਅਹੁਦੇ 'ਤੇ ਪ੍ਰਮੋਸ਼ਨ ਲਈ ਏਲਿਜੀਬਲ ਹੋ ਗਏ ਹਨ | ਇਸ ਲਈ ਮੀਟਿੰਗ 'ਚ ਹਰਿਆਣਾ ਕਲੈਰੀਕਲ ਸਰਵਿਸਿਜ਼ (ਰਿਕਰੂਟਮੈਂਟ ਐਂਡ ਕੰਡੀਸ਼ੰਨਸ ਆਫ਼ ਸਰਵਿਸ) ਬਿੱਲ, 2026 ਦੇ ਮਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਹੈ | ਡਰਾਫ਼ਟ ਬਿੱਲ ਵਿਚ ਕਲਰਕ ਦੇ ਅਹੁਦੇ ਦੇ ਲਈ ਗਰੁੱਪ ਡੀ ਤੋਂ ਪ੍ਰਮੋਸ਼ਨ ਦੇ ਕੋਟੇ ਨੂੰ 20 ਫ਼ੀਸਦੀ ਤੋਂ 30 ਫ਼ੀਸਦੀ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ | ਨਾਲ ਹੀ, 5 ਫ਼ੀਸਦੀ ਐਕਸ ਗ੍ਰੇਸ਼ੀਆ ਅਹੁਦਾ ਰੱਖਣ ਦੀ ਜ਼ਰੂਰਤ ਵੀ ਨਿਯਮਾਂ ਵਿਚ ਸ਼ਾਮਿਲ ਕੀਤੀ ਗਈ ਹੈ | ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਨੇ ਦੇਖਿਆ ਕਿ ਲੋਕ-ਸਭਾ ਵਿਚ ਕਿਵੇਂ ਵਿਰੋਧੀ ਪਾਰਟੀਆਂ ਨੇ ਭਾਰਤ ਦੀ ਨਾਰੀ ਸ਼ਕਤੀ ਦੀ ਉਡਾਨ ਨੂੰ ਰੋਕਿਆ, ਉਸ ਦੇ ਸੁਪਨਿਆਂ ਨੂੰ ਬੇਰਹਿਮੀ ਨਾਲ ਕੁਚਲਿਆ | ਸੰਸਦ ਵਿਚ ਜੋ ਕੁੱਝ ਹੋਇਆ, ਉਸ ਨੇ ਕਾਂਗਰਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਉਜਾਗਰ ਕਰ ਦਿੱਤਾ ਹੈ |