ਖਰੜ, 26 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ ਪੰਜਾਬ ਵਿਚ ਰਾਤ ਅਤੇ ਦਿਨ ਸਮੇਂ ਲੱਗ ਰਹੇ ਬਿਜਲੀ ਦੇ ਵੱਡੇ ਵੱਡੇ ਕੱਟਾਂ ਕਾਰਨ ਕਿਸਾਨਾਂ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਬਿਜਲੀ ਕੱਟਾਂ ਨੇ ਪੰਜਾਬ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਇਨ੍ਹਾਂ ਬਿਜਲੀ ਦੇ ਲੰਬੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇਣ ਲੱਗੇ ਹਨ ਅਤੇ ਦੂਜਾ ਪੰਜਾਬ ਵਿਚ ਜ਼ਿਆਦਾਤਰ ਪੈ ਰਹੀ ਗਰਮੀ ਕਾਰਨ ਪਾਰਾ ਵੀ ਵੱਧਦਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪੱਖੀਆਂ ਝੱਲ ਕੇ ਰਾਤਾਂ ਗੁਜ਼ਰਾਨੀਆਂ ਪੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਵਾਸੀਆਂ ਨੂੰ ਬਿਜਲੀ ਮੁਫ਼ਤ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਅਤੇ ਇਸ ਸੰਬੰਧੀ ਪੰਜਾਬ ਦੀਆਂ ਸੜਕਾਂ 'ਤੇ ਵੱਡੇ ਵੱਡੇ ਹੋਰਡਿੰਗ ਬੋਰਡ ਵੀ ਲਗਾਏ, ਪਰ ਅੱਜ ਪੰਜਾਬ ਵਿਚ ਹਾਲਾਤ ਇਸ ਤਰ੍ਹਾਂ ਬਣੇ ਹੋਏ ਹਨ ਕਿ ਰਾਤਾਂ ਨੂੰ ਬਿਜਲੀ ਦੇ ਕੱਟਾਂ ਅਤੇ ਦਿਨੇ ਲੱਗਦੇ ਬਿਜਲੀ ਦੇ ਕੱਟਣ ਕਾਰਨ ਲੋਕਾਂ ਦਾ ਆਪਣੇ ਘਰਾਂ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ ਅਤੇ ਛੋਟੇ ਤੇ ਵੱਡੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ, ਜਿਸ ਨਾਲ ਸਰਕਾਰ ਦੇ ਬਿਜਲੀ ਦਾਅਵਿਆਂ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ | ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਉਗਾਈਆਂ ਹੋਈਆਂ ਸ਼ਬਜ਼ੀਆਂ ਅਤੇ ਪਸ਼ੂਆਂ ਦਾ ਚਾਰਾ ਵੀ ਸੁੱਕਣ ਲੱਗ ਗਿਆ ਹੈ |