ਚੰਡੀਗੜ੍ਹ, 26 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਝੂਠੀ ਅਤੇ ਭੜਕਾਊ ਵੀਡੀਓ ਵਾਇਰਲ ਕਰਨ ਦੇ ਮਾਮਲੇ 'ਚ ਤੇਜ਼ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਹੈਦਰਾਬਾਦ ਤੋਂ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਵਲੋਂ ਆਨਲਾਈਨ ਪਲੇਟਫਾਰਮਾਂ ਰਾਹੀਂ ਗਲਤ ਜਾਣਕਾਰੀ ਫੈਲਾਈ ਜਾ ਰਹੀ ਸੀ, ਜਿਸ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਹੈਦਰਾਬਾਦ (ਤੇਲੰਗਾਨਾ) ਦੇ ਚੌਣੀ ਨਦੇ ਅਲੀ ਬੈਗ, ਯਾਕੂਤਪੁਰਾ, ਚਾਰਮਿਨਾਰ ਇਲਾਕੇ ਵਿਚ ਰਹਿੰਦੇ ਹਸਨ ਮੋਹੀਉਦੀਨ ਸਿੱਧੀਕੀ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮ ਨੂੰ 25 ਅਪ੍ਰੈਲ 2026 ਨੂੰ ਹੈਦਰਾਬਾਦ ਤੋਂ ਗਿ੍ਫ਼ਤਾਰ ਕੀਤਾ | ਇਹ ਕਾਰਵਾਈ 19 ਅਪ੍ਰੈਲ ਨੂੰ ਚੰਡੀਗੜ੍ਹ ਦੇ ਥਾਣਾ ਸੈਕਟਰ-26 'ਚ ਦਰਜ ਮਾਮਲੇ ਦੇ ਸਬੰਧ ਵਿਚ ਕੀਤੀ ਗਈ | ਮਾਮਲੇ ਵਿਚ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 66(ਸੀ), 66(ਡੀ), 67 ਦੇ ਨਾਲ-ਨਾਲ ਭਾਰਤੀ ਨਿਆ ਸੰਹਿਤਾ 2023 ਦੀਆਂ ਧਾਰਾਵਾਂ 196, 318, 336(1), 336(3), 336(4), 340, 353 ਅਤੇ 356 ਲਾਗੂ ਕੀਤੀਆਂ ਗਈਆਂ ਹਨ | ਅੱਜ ਮੁਲਜ਼ਮ ਨੂੰ ਅਦਾਲਤ ਅੱਗੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ |