ਕੁਰਾਲੀ, 26 ਅਪ੍ਰੈਲ (ਹਰਪ੍ਰੀਤ ਸਿੰਘ)-ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਸੀ. ਆਈ. ਏ. ਸਟਾਫ਼ ਖਰੜ ਦੀ ਟੀਮ ਵਲੋਂ ਕੁਰਾਲੀ-ਖਰੜ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ ਗਿ੍ਫ਼ਤਾਰ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖਰੜ ਦੀ ਪੁਲਿਸ ਪਾਰਟੀ ਕੁਰਾਲੀ ਤੋਂ ਖਰੜ ਵੱਲ ਗਸ਼ਤ ਕਰ ਰਹੀ ਸੀ | ਇਸ ਦੌਰਾਨ ਟੀਮ ਨੇ ਮੋਤੀਆ ਗਰੁੱਪ ਨੇੜਲੇ ਸਲਿੱਪ ਰੋਡ 'ਤੇ ਚਿੱਟੇ ਰੰਗ ਦੀ ਐਕਟਿਵਾ ਸਵਾਰ ਇਕ ਨੌਜਵਾਨ ਖੜ੍ਹਾ ਦੇਖਿਆ | ਉਨ੍ਹਾਂ ਦੱਸਿਆ ਕਿ ਸਕੂਟਰ ਦੀ ਪਿਛਲੀ ਨੰਬਰ ਪਲੇਟ ਮੁੜੀ ਹੋਣ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਇਸ ਦੌਰਾਨ ਉਸਦੀ ਤਲਾਸ਼ੀ ਲੈਣ 'ਤੇ ਐਕਟਿਵਾ ਦੀ ਡਿੱਗੀ 'ਚੋਂ 14 ਗ੍ਰਾਮ ਹੈਰੋਇਨ, 252 ਗ੍ਰਾਮ ਅਫ਼ੀਮ ਤੇ 1 ਕਿੱਲੋ 994 ਗ੍ਰਾਮ ਗਾਂਜਾ ਬਰਾਮਦ ਹੋਇਆ | ਪੁਲਿਸ ਟੀਮ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਸੂਰਜ ਉਰਫ਼ ਅਮਨ (24) ਵਾਸੀ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ | ਪੁਲਿਸ ਅਨੁਸਾਰ ਉਸ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ | ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਦੇ ਹੋਏ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ |