ਡੇਰਾਬੱਸੀ, 2 ਮਈ (ਗੁਰਮੀਤ ਸਿੰਘ)- ਲੱਖਾਂ ਖਰਚੇ ਜਾਣ ਦੇ ਬਾਵਜੂਦ ਮੁਬਾਰਕਪੁਰ ਸੜਕ 'ਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਮੀਰਪੁਰ ਦੇ ਬਾਹਰ ਲੱਗੇ ਕੂੜੇ ਦੇ ਢੇਰ ਵੇਖਣ ਨੂੰ ਮਿਲਦਾ ਹੈ | ਇਥੇ ਛੋਟੇ-ਛੋਟੇ ਬੱਚੇ ਪੜ੍ਹਨ ਲਈ ਆਉਂਦੇ ਹਨ ਪਰ ਕੂੜੇ ਨਾਲੋਂ ਹੀ ਸਕੂਲ ਜਾਣਾ ਪੈਂਦਾ ਹੈ | ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ | ਇਸ ਸੰਬੰਧੀ ਸਕੂਲ ਪ੍ਰਬੰਧਨ ਨੇ ਕਈ ਵਾਰ ਸ਼ਿਕਾਇਤ ਵੀ ਕੀਤੀ ਪਰ ਲੋਕਾਂ ਵਲੋਂ ਕੂੜਾ ਸੁੱਟਣਾ ਬੰਦ ਨਹੀਂ ਹੋਇਆ | ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 11 ਸਾਲ ਪਹਿਲਾਂ ਮੀਰਪੁਰ ਤੇ ਮੁਬਾਰਕਪੁਰ ਨੂੰ ਡੇਰਾਬੱਸੀ ਨਗਰ ਕੌਂਸਲ ਵਿਚ ਸ਼ਾਮਿਲ ਕੀਤਾ ਗਿਆ ਸੀ ਤੇ ਵਿਕਾਸ ਕੰਮਾਂ 'ਤੇ ਕਰੋੜਾਂ ਖਰਚ ਕਰਨ ਦੇ ਦਾਅਵੇ ਕੀਤੇ ਗਏ ਸਨ ਪਰ ਸਫ਼ਾਈ ਦਾ ਹਾਲ ਅੱਜ ਵੀ ਖ਼ਰਾਬ ਹੈ | ਉਨ੍ਹਾਂ ਕਿਹਾ ਕਿ ਉਕਤ ਸਕੂਲ ਦੇ ਬਾਹਰ ਕਈ-ਕਈ ਦਿਨ ਸਫ਼ਾਈ ਨਹੀਂ ਹੁੰਦੀ ਤੇ ਛੋਟੇ ਬੱਚਿਆਂ ਨੂੰ ਇਸ ਪਰੇਸ਼ਾਨੀ ਨੂੰ ਝੱਲਣਾ ਪੈ ਰਿਹਾ ਹੈ | ਇਸ ਸੰਬੰਧੀ ਪਿੰਡ ਮੀਰਪੁਰ ਵਾਸੀ ਸੰਜੀਵ ਕੁਮਾਰ ਨੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਨੂੰ ਵਿਖਾਉਂਦੇ ਹੋਏ ਕਿਹਾ ਕਿ ਇਥੇ ਕਈ ਸਾਲਾਂ ਤੋ ਖੁੱਲ੍ਹੇ 'ਚ ਕੂੜਾ ਸੁੱਟਿਆ ਕੂੜਾ ਗੰਦਗੀ ਫਲਾਈ ਜਾ ਰਿਹਾ ਹੈ | ਇਥੇ ਕੂੜਾ ਚੁੱਕਣ ਦੀ ਥਾਂ ਅੱਗ ਲੱਗਾ ਦਿੱਤੀ ਜਾਂਦੀ ਹੈ ਜਿਸ ਨਾਲ ਇਥੋਂ ਦੀ ਨਾਲ ਆਬੋ ਹਵਾ ਤਾਂ ਪ੍ਰਦੂਸ਼ਿਤ ਹੋ ਹੀ ਰਹੀ ਹੈ ਓਥੇ ਹੀ ਹਰੇ ਭਰੇ ਦਰਖਤਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਕਈ ਵੱਡੇ ਵੱਡੇ ਦਰਖ਼ਤ ਅੱਗ ਦੀ ਲਪੇਟ 'ਚ ਆਉਣ ਕਰਕੇ ਖ਼ਤਮ ਹੋ ਚੁੱਕੇ ਹਨ | ਖ਼ੇਤਰ ਦੇ ਲੋਕਾਂ ਨੇ ਨਾਰਾਜਗੀ ਜ਼ਾਹਿਰ ਕਰਦਿਆਂ ਕਿਹਾ ਕਿ ਡੇਰਾਬੱਸੀ ਨਗਰ ਕੌਂਸਲ ਸਾਫ਼ ਸਫ਼ਾਈ ਵੱਲ ਧਿਆਨ ਨਹੀਂ ਦੇ ਰਹੀ |