ਖਰੜ, 9 ਮਈ (ਗੁਰਮੁੱਖ ਸਿੰਘ ਮਾਨ)-ਵਿਧਾਨ ਸਭਾ ਹਲਕਾ ਖਰੜ ਤੋਂ ਭਾਜਪਾ ਦੇ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਪੱਛਮੀ ਬੰਗਾਲ ਤੇ ਆਸਾਮ 'ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ ਕਿ ਦੇਸ਼ ਦੀ ਜਨਤਾ ਦਾ ਭਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਨਿਰੰਤਰ ਵਧਦਾ ਜਾ ਰਿਹਾ ਹੈ | ਇਹ ਨਤੀਜੇ ਸਿਰਫ਼ ਚੋਣਾਵੀਂ ਸਫ਼ਲਤਾ ਨਹੀਂ, ਸਗੋਂ ਵਿਕਾਸ, ਸੁਸ਼ਾਸਨ ਅਤੇ ਮਜ਼ਬੂਤ ਅਗਵਾਈ 'ਤੇ ਲੋਕਾਂ ਦੇ ਭਰੋਸੇ ਦੀ ਮੋਹਰ ਹੈ | ਦੋਵੇਂ ਸੂਬੇ ਸਰਹੱਦੀ ਅਤੇ ਰਣਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਹਨ ਅਤੇ ਉਥੇ ਭਾਜਪਾ ਦੇ ਮਜ਼ਬੂਤ ਪ੍ਰਦਰਸ਼ਨ ਨੇ ਇਹ ਸਾਬਿਤ ਕੀਤਾ ਹੈ ਕਿ ਲੋਕ ਸੁਰੱਖਿਆ ਅਤੇ ਤਰੱਕੀ ਦੋਵਾਂ ਨੂੰ ਇਕੱਠੇ ਲੈ ਕੇ ਚੱਲਣ ਵਾਲੀ ਸਰਕਾਰ ਨੂੰ ਤਰਜ਼ੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀ ਜਨਤਾ ਵੀ ਬਦਲਾਅ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਮਜ਼ਬੂਤ ਸੁਰੱਖਿਆ, ਪਾਰਦਰਸ਼ੀ ਪ੍ਰਸ਼ਾਸਨ ਅਤੇ ਤੇਜ਼ ਤਰੱਕੀ ਦੀ ਲੋੜ ਹੈ, ਜਿਸ 'ਚ ਉਹ ਪਿਛਲੇ ਕੁਝ ਸਾਲਾਂ 'ਚ ਪਿੱਛੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਤਾਜ਼ਾ ਮੁੱਦੇ ਜਿਵੇਂ ਬੇਰੁਜ਼ਗਾਰੀ, ਨਸ਼ਾ, ਕਾਨੂੰਨ-ਵਿਵਸਥਾ ਅਤੇ ਵਿਕਾਸ ਦੀ ਕਮੀ ਇਹ ਸਭ ਮਜ਼ਬੂਤ ਇਰਾਦੇ ਅਤੇ ਸਪੱਸ਼ਟ ਨੀਤੀ ਨਾਲ ਹੀ ਹੱਲ ਹੋ ਸਕਦੇ ਹਨ | ਭਾਜਪਾ ਹੀ ਉਹ ਇਕਲੌਤੀ ਪਾਰਟੀ ਹੈ ਜੋ ਕਿ ਪੰਜਾਬ ਦੇ ਇਨ੍ਹਾਂ ਮੁੱਦਿਆਂ ਨੂੰ ਢੰਗ ਨਾਲ ਸਮਝ ਕੇ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ ਅਤੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਲੀਹਾਂ 'ਤੇ ਲਿਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਵੀ ਭਾਜਪਾ ਇਤਿਹਾਸਕ ਜਿੱਤ ਦਰਜ ਕਰਕੇ ਸੂਬੇ ਨੂੰ ਨਵੀ ਦਿਸ਼ਾ ਦੇਵੇਗੀ |