ਚੰਡੀਗੜ੍ਹ, 12 ਮਈ (ਸੁਖਵਿੰਦਰ ਸਿੰਘ ਸ਼ਾਨ)- ਖੇਤੀਬਾੜੀ ਵਿਚ ਦਵਾਈਆਂ ਅਤੇ ਯੂਰੀਆ ਆਦਿ ਦੀ ਵਰਤੋਂ 'ਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਖੇਤੀ ਸਹਾਇਕ ਧੰਦੇ 'ਦੁੱਧ ਉਤਪਾਦਨ ਅਤੇ ਪਸ਼ੂ ਪਾਲਣ' ਬਾਰੇ ਵੀ ਰੋਸ ਪ੍ਰਦਰਸ਼ਨ ਹੋਣ ਲੱਗੇ ਹਨ | ਦੱਸਿਆ ਜਾ ਰਿਹਾ ਹੈ ਕਿ ਪਸ਼ੂ ਪਾਲਨ ਨਾਲ ਵਾਤਾਵਰਨ ਨੂੰ ਨੁਕਸਾਨ ਹੋ ਰਿਹਾ ਹੈ | ਇਕ ਪਾਸੇ ਦੇਸ਼ ਦੀਆਂ ਸਰਕਾਰਾਂ ਦੁੱਧ ਉਤਪਾਦਨ ਜਿਹੇ ਸਹਾਇਕ ਧੰਦਿਆਂ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ, ਪਰ ਦੂਜੇ ਪਾਸੇ ਕੁੱਝ ਨੌਜਵਾਨ ਡੇਅਰੀ ਉਦਯੋਗ ਦਾ ਵਿਰੋਧ ਕਰਨ ਲਈ ਸੁਖਨਾ ਝੀਲ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸ਼ਨ ਕਰਨ ਲਈ ਆਏ | ਪਸ਼ੂ ਭਲਾਈ ਸੰਗਠਨ ਪੀਡੂ'ਜ਼ ਪੀਪਲ ਨਾਂਅ ਦੇ ਸੰਗਠਨ ਦੇ ਕਾਰਕੁਨਾਂ ਦਾ ਦੋਸ਼ ਹੈ ਕਿ ਡੇਅਰੀ ਉਦਯੋਗ ਕਾਰਨ ਵਾਤਾਵਰਨ ਨੂੰ ਨੁਕਸਾਨ ਹੋ ਰਿਹਾ ਹੈ | ਪੀਡੂ'ਜ਼ ਪੀਪਲ ਦੇ ਡਾਇਰੈਕਟਰ ਸਾਹਿਲ ਵਰਮਾ ਦਾ ਕਹਿਣਾ ਕਿ ਦੁੱਧ ਅਤੇ ਬੀਫ ਦੋਵੇਂ ਇੱਕੋ ਜਾਨਵਰ ਪ੍ਰਣਾਲੀ ਦਾ ਹਿੱਸਾ ਹਨ | ਜਦੋਂ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਡੇਅਰੀ ਅਤੇ ਬੁੱਚੜਖਾਨਿਆਂ ਨੂੰ 'ਲਾਲ' ਉਦਯੋਗਾਂ ਵਜੋਂ ਸ਼੍ਰੇਣੀਬੱਧ ਕੀਤਾ ਹੈ, ਜਿਨ੍ਹਾਂ ਨੂੰ ਸਭ ਤੋਂ ਵੱਧ ਪ੍ਰਦੂਸ਼ਣ ਕਰਨ ਵਾਲੇ ਉਦਯੋਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪਸ਼ੂਆਂ ਤੋਂ ਮੀਥੇਨ ਗੈਸ ਦਾ ਨਿਕਾਸ ਜਲਵਾਯੂ ਤਬਦੀਲੀ ਵਿਚ ਇੱਕ ਵੱਡਾ ਯੋਗਦਾਨ ਪਾਉਂਦਾ ਹੈ ਅਤੇ ਇੱਕ ਲੀਟਰ ਦੁੱਧ ਪੈਦਾ ਕਰਨ ਲਈ ਲਗਭਗ 1,078 ਲੀਟਰ ਪਾਣੀ ਦੀ ਲੋੜ ਹੁੰਦੀ ਹੈ, ਜਦੋਂ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜ ਪਹਿਲਾਂ ਹੀ ਭੂਮੀਗਤ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ | ਸਾਹਿਲ ਵਰਮਾ ਨੇ ਕਿਹਾ ਕਿ ਵਧਦੇ ਤਾਪਮਾਨ ਅਤੇ ਪਾਣੀ ਦੀ ਕਮੀ ਨੂੰ ਦੇਖਦੇ ਹੋਏ, ਡੇਅਰੀ ਉਦਯੋਗ ਦੇ ਪ੍ਰਭਾਵ 'ਤੇ ਜਨਤਕ ਚਰਚਾ ਜ਼ਰੂਰੀ ਹੈ | ਪੈਰੀਫੈਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਦੇ ਸਾਬਕਾ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਾਰਾ ਦਾ ਕਹਿਣਾ ਹੈ ਕਿ ਡੇਅਰੀ ਉਦਯੋਗ ਦਾ ਵਿਰੋਧ ਕਰਨ ਵਾਲੇ ਜੀਵਨ ਦੀਆਂ ਲੋੜਾਂ ਤੋਂ ਅਣਜਾਣ ਹਨ | ਦੁੱਧ ਅਤੇ ਦੁੱਧ ਉਤਪਾਦ ਮਨੁੱਖ ਸਿਹਤ ਲਈ ਲਾਹੇਵੰਦ ਅਤੇ ਸ਼ਕਤੀ ਪ੍ਰਦਾਨ ਕਰਨ ਵਾਲੇ ਹਨ | ਖੇਤੀਬਾੜੀ ਅਤੇ ਪਸ਼ੂ ਪਾਲਣ ਮੁੱਢ ਕਦੀਮ ਦੇ ਧੰਦੇ ਹਨ | ਦੁੱਧ ਉਤਪਾਦਨ ਲਈ ਪਸ਼ੂ ਪਾਲਣਾ ਜ਼ਰੂਰੀ ਹੈ ਅਤੇ ਪਸ਼ੂਆਂ ਦਾ ਗੋਹਾ ਖੇਤੀਬਾੜੀ ਲਈ ਲਾਹੇਵੰਦ ਹੈ | ਉਨ੍ਹਾਂ ਕਿਹਾ ਕਿ ਪਾਣੀ ਅਤੇ ਚਾਰਾ ਪਸ਼ੂਆਂ ਦੀ ਖੁਰਾਕ ਦਾ ਹਿੱਸਾ ਹਨ ਅਤੇ ਇਹ ਕਹਿਣਾ ਗਲਤ ਹੈ ਕਿ ਪਸ਼ੂਆਂ ਦੇ ਪਾਣੀ ਪੀਣ ਨਾਲ ਧਰਤ ਹੇਠਲਾ ਪਾਣੀ ਡੂੰਘਾ ਹੋਇਆ ਹੈ | ਡੇਅਰੀ ਉਦਯੋਗ ਨਾਲ ਵਾਤਾਵਰਨ ਖ਼ਰਾਬ ਹੋਣ ਦੀਆਂ ਕੁਝੀਆਂ ਗੱਲਾਂ ਦਾ ਵਿਰੋਧ ਕਰਦਿਆਂ ਬਲਜਿੰਦਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਲੋਕਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਯੋਜਨਾਵਾਂ ਚਲਾ ਰਹੀਆਂ ਹਨ, ਜੇ ਡੇਅਰੀ ਉਦਯੋਗ ਨਾਲ ਵਾਤਾਵਰਨ ਨੂੰ ਨੁਕਸਾਨ ਹੁੰਦਾ ਹੈ ਤਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਅਜਿਹੀਆਂ ਯੋਜਨਾਵਾਂ ਕਿਉਂ ਲਾਗੂ ਕਰ ਰਹੀਆਂ ਹਨ |