ਬੁਢਲਾਡਾ 'ਚ ਭਾਜਪਾ ਨੂੰ ਵੱਡੀ ਸਿਆਸੀ ਮਜ਼ਬੂਤੀ, ਅਕਾਲੀ ਆਗੂ ਬਲਵਿੰਦਰ ਸਿੰਘ ਪਟਵਾਰੀ ਦੀ ਅਗਵਾਈ 'ਚ ਕਈ ਸਰਪੰਚ ਤੇ ਪੰਚ ਪਾਰਟੀ 'ਚ ਸ਼ਾਮਿਲ <br/>
ਅਜੀਤ ਡੈਸਕ
13-05-2026
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਦੌਰਾਨ ਗੈਂਗਸਟਰ ਤੱਤਾਂ ਦੀ ਮਦਦ ਨਾਲ ਦਹਿਸ਼ਤ ਦਾ ਮਾਹੌਲ ਬਣਾਉਂਦੀ ਰਹੀ ਹੈ | ਹੁਣ ਵੀ ਤਰਨ ਤਾਰਨ ਭਾਜਪਾ ਦੇ ਜ਼ਿਲਾ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਮਾਰਨ ਲਈ ਆਧੁਨਿਕ ਵਿਦੇਸ਼ੀ ਹਥਿਆਰ ਲੈ ਕੇ ਆਏ ਅਜਿਹੇ ਵਿਅਕਤੀ ਨੂੰ ਫੜਿਆ ਗਿਆ, ਜਿਸ 'ਤੇ ਪਹਿਲਾਂ ਹੀ 15 ਪਰਚੇ ਦਰਜ ਹਨ | ਜਿਸ ਤਰਾਂ ਨਾਲ ਭਾਜਪਾ ਦੇ ਦਫ਼ਤਰਾਂ ਅਤੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਸ ਤੋਂ ਬਾਅਦ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨਿਗਮ ਅਤੇ ਵਿਧਾਨਸਭਾ ਚੋਣਾਂ ਵਿਚ ਵੀ ਅਜਿਹੀਆਂ ਕੋਝੀਆਂ ਹਰਕਤਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰੇਗੀ, ਪਰ ਭਾਜਪਾ ਉਸਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਜ਼ਿਲਾ ਪ੍ਰਧਾਨ ਮਾਨਸਾ ਗੋਮਾ ਰਾਮ ਪੁਨੀਆ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਜ਼ਿਲਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਪੂਰੀ ਰਿਪੋਰਟ ਤਿਆਰ ਕਰਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੀ ਜਾਵੇਗੀ | ਉਨਾਂ ਚਿਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ 'ਤੇ ਗੁੰਡਾਗਰਦੀ ਨੂੰ ਸਹਾਰਾ ਦੇਣ ਵਾਲਿਆਂ ਅਤੇ ਉਨਾਂ ਦੀ ਮਦਦ ਕਰਨ ਵਾਲੇ ਅਧਿਕਾਰੀਆਂ ਦੀ ਵੀ ਪੂਰੀ ਸਫ਼ਾਈ ਕੀਤੀ ਜਾਵੇਗੀ | Tਲਿਸਟਾਂ ਤਿਆਰ ਹੋ ਰਹੀਆਂ ਹਨ, ਕੁੱਝ ਪੁਲਿਸ ਅਫ਼ਸਰਾਂ ਦੇ ਨਾਮ ਵੀ ਨੋਟ ਕੀਤੇ ਜਾ ਰਹੇ ਹਨ | ਇਸ ਮੌਕੇ ਬਲਵਿੰਦਰ ਸਿੰਘ ਪਟਵਾਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਭਾਜਪਾ ਨੂੰ ਇੱਕ ਮਜ਼ਬੂਤ ਅਤੇ ਵਿਕਾਸਸ਼ੀਲ ਵਿਕਲਪ ਵਜੋਂ ਦੇਖ ਰਹੇ ਹਨ | ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਵੱਡੀ ਗਿਣਤੀ ਵਿਚ ਭਾਜਪਾ ਨਾਲ ਜੁੜ ਰਹੇ ਹਨ |
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਸੂਬੇ ਦੀ ਸਿਆਸਤ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ | ਉਨਾਂ ਕਿਹਾ ਕਿ ਭਾਜਪਾ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ | ਬਿੱਟੂ ਨੇ ਦੱਸਿਆ ਕਿ ਬਲਵਿੰਦਰ ਸਿੰਘ ਪਟਵਾਰੀ ਨੇ 1982 ਤੋਂ ਅਕਾਲੀ ਦਲ ਲਈ ਪੂਰੀ ਵਫ਼ਾਦਾਰੀ ਨਾਲ ਕੰਮ ਕੀਤਾ, ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕੀਤਾ, ਸੰਘਰਸ਼ ਕੀਤੇ, ਪਰਚੇ ਕਟਵਾਏ, ਪਰ ਅਖੀਰ 'ਚ ਅਕਾਲੀ ਦਲ ਨੇ ਉਨਾਂ ਨੂੰ ਸਿਰਫ਼ ਅਣਦੇਖਿਆ ਹੀ ਕੀਤਾ | ਜਿਹੜੇ ਲੋਕ ਸਾਲਾਂ ਤੱਕ ਪਾਰਟੀ ਲਈ ਖੂਨ-ਪਸੀਨਾ ਇੱਕ ਕਰਦੇ ਰਹੇ, ਉਨਾਂ ਦਾ ਹੱਕ ਮਾਰਨਾ ਅਕਾਲੀ ਦਲ ਦੀ ਪੁਰਾਣੀ ਆਦਤ ਬਣ ਚੁੱਕੀ ਹੈ | ਵਿਜੀਲੈਂਸ ਬਿਊਰੋ ਦਫ਼ਤਰ 'ਤੇ ਸੀ.ਬੀ.ਆਈ ਰੇਡ ਦੇ ਮਾਮਲੇ 'ਤੇ ਬੋਲਦਿਆਂ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਸੱਚ ਕੀ ਹੈ ਤੇ ਝੂਠ ਕੀ | ਉਨਾਂ ਸਵਾਲ ਕੀਤਾ ਕਿ Tਆਿਖ਼ਰ ਕਿਹੜੀ ਸੇਵਾ ਦੇ ਬਦਲੇ ਕੁੱਝ ਲੋਕਾਂ ਨੂੰ ਸਰਕਾਰੀ ਗੰਨਮੈਨ ਦਿੱਤੇ ਗਏ ਸਨ?
ਬਿੱਟੂ ਨੇ ਅਖੀਰ 'ਚ ਸਪੱਸ਼ਟ ਕਿਹਾ ਕਿ Tਭਾਜਪਾ ਦੇ ਮੰਤਰੀਆਂ ਨਾਲ ਫ਼ੋਟੋ ਖਿਚਵਾ ਲੈਣ ਨਾਲ ਕੋਈ ਬਚਣ ਵਾਲਾ ਨਹੀਂ | ਜਿਹੜੇ ਵੀ ਗ਼ਲਤ ਕੰਮਾਂ 'ਚ ਸ਼ਾਮਲ ਹਨ, ਉਨਾਂ 'ਤੇ ਕਾਰਵਾਈ ਹੋ ਕੇ ਰਹੇਗੀ | ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਵਿਚ ਕੋਆਪਰੇਟਿਵ ਸੁਸਾਇਟੀ ਮੈਂਬਰ ਗੁਰਦੀਪ ਸਿੰਘ, ਪੰਚਾਇਤ ਮੈਂਬਰ ਰਾਜਵਿੰਦਰ ਸਿੰਘ, ਸਰਪੰਚ ਗੁਲਾਬ ਸਿੰਘ, ਕਾਂਗਰਸ ਦੇ ਸਾਬਕਾ ਜ਼ਿਲਾ ਉਪ ਪ੍ਰਧਾਨ ਬਲਵਿੰਦਰ ਸਿੰਘ, ਸਾਬਕਾ ਕੋਆਪਰੇਟਿਵ ਸੁਸਾਇਟੀ ਪ੍ਰਧਾਨ ਬਘੇਰਾ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਾਬਕਾ ਪੰਚਾਇਤ ਮੈਂਬਰ ਤਰਸੇਮ ਸਿੰਘ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਅਜੈਬ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਕੁਲਵੰਤ ਸਿੰਘ, ਜੀਤ ਸਿੰਘ, ਮੌਜੂਦਾ ਪੰਚਾਇਤ ਮੈਂਬਰ ਨਿਰਮਲ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ ਅਤੇ ਐਡਵੋਕੇਟ ਮੋਤੀ ਸਿੰਘ ਸਮੇਤ ਪਿੰਡ ਬੀਰੋ ਕੇ ਕਲਾਂ ਦੇ ਸਮੂਹ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਸਨ |
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੰਡੀਗੜ ਸਥਿਤ ਪਾਰਟੀ ਦਫ਼ਤਰ 'ਚ ਬੁਢਲਾਡਾ ਹਲਕੇ ਤੋਂ ਅਕਾਲੀ ਆਗੂ ਬਲਵਿੰਦਰ ਸਿੰਘ ਪਟਵਾਰੀ ਅਤੇ ਕਈ ਸਰਪੰਚਾਂ ਅਤੇ ਪੰਚਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਮਗਰੋਂ ਸਾਂਝੀ ਤਸਵੀਰ ਕਰਵਾਉਂਦੇ ਹੋਏ | (ਸੱਜੇ) ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਚੰਡੀਗੜ ਸਥਿਤ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਨਾਲ ਮੌਜੂਦ ਭਾਜਪਾ 'ਚ ਸ਼ਾਮਿਲ ਹੋਏ ਬਲਵਿੰਦਰ ਸਿੰਘ ਪਟਵਾਰੀ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਪ੍ਰਧਾਨ ਮਾਨਸਾ ਗੋਮਾ ਰਾਮ ਪੁਨੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ | ਤਸਵੀਰਾਂ : ਗੁਰਿੰਦਰ ਸਿੰਘ