ਡੇਰਾਬੱਸੀ, 13 ਮਈ (ਰਣਬੀਰ ਸਿੰਘ ਪੜੀ) - ਡੇਰਾਬੱਸੀ ਦੇ ਬਰਵਾਲਾ ਰੋਡ 'ਤੇ ਸਥਿਤ ਨੈਕਟਰ ਲਾਈਫ ਕੰਪਨੀ ਦੇ ਨੇੜੇ ਦੇਰ ਰਾਤ 10-12 ਨਕਾਬਪੋਸ਼ ਨੌਜਵਾਨਾਂ ਵਲੋਂ ਇਕ ਕੰਪਨੀ ਦੇ ਪ੍ਰੋਡਕਸ਼ਨ ਮੈਨੇਜਰ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਲੁੱਟ-ਖੋਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ | ਹਮਲਾਵਰ ਮੈਨੇਜਰ ਕੋਲੋਂ ਉਸ ਦਾ ਮੋਬਾਇਲ ਫ਼ੋਨ ਤੇ ਨਕਦੀ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀ ਮੈਨੇਜਰ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਰਿਧੀ ਸਿੱਧੀ ਇੰਟਰਪ੍ਰਾਈਜਿਸ 'ਚ ਬਤੌਰ ਮੈਨੇਜਰ ਕੰਮ ਕਰਦੇ ਪੀੜਤ ਰਣਜੀਤ ਕੁਮਾਰ ਪੁੱਤਰ ਰਾਮ ਚੰਦਰ ਨੇ ਦੱਸਿਆ ਕਿ ਉਹ ਰਾਤ ਕਰੀਬ 9 ਵਜੇ ਆਪਣੇ ਸਾਥੀ ਸਾਜਨ ਤੇ ਗੋਪੀ ਦੇਵਲ ਨਾਲ ਕੰਮ ਖ਼ਤਮ ਕਰਕੇ ਬਰਵਾਲਾ ਰੋਡ ਤੋਂ ਖਾਣਾ ਖਾ ਕੇ ਵਾਪਸ ਪਰਤ ਰਿਹਾ ਸੀ | ਇਸ ਦੌਰਾਨ ਜਿਵੇਂ ਹੀ ਉਹ ਨੈਕਟਰ ਲਾਈਫ ਕੰਪਨੀ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਘਾਤ ਲਗਾ ਕੇ ਮੂੰਹ ਢਕ ਕੇ ਬੈਠੇ 10-12 ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ | ਇਸ ਦੌਰਾਨ ਹਮਲਾਵਰਾਂ ਨੇ ਰਣਜੀਤ ਕੁਮਾਰ ਇਕੱਲੇ ਨੂੰ ਨਿਸ਼ਾਨਾ ਬਣਾਉਂਦਿਆਂ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਪੀੜਤ ਨੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਦੋ ਸਾਥੀਆਂ ਨੂੰ ਕੁਝ ਨਹੀਂ ਕਿਹਾ ਤੇ ਸਿਰਫ਼ ਉਸ 'ਤੇ ਹੀ ਹਮਲਾ ਕੀਤਾ | ਰਣਜੀਤ ਕੁਮਾਰ ਨੇ ਖਦਸ਼ਾ ਜਤਾਇਆ ਕਿ ਇਹ ਹਮਲਾ ਕਿਸੇ ਪੁਰਾਣੀ ਰੰਜਿਸ਼ ਤਹਿਤ ਕਰਵਾਇਆ ਹੋ ਸਕਦਾ ਹੈ, ਜਿਸ 'ਚ ਫੈਕਟਰੀ ਦੇ ਕਿਸੇ ਪੁਰਾਣੇ ਵਰਕਰ ਦਾ ਹੱਥ ਹੋਣ ਦੀ ਸੰਭਾਵਨਾ ਹੈ | ਇਸ ਤੋਂ ਪਹਿਲਾਂ ਵੀ ਉਸ 'ਤੇ ਹਮਲਾ ਹੋ ਚੁੱਕਿਆ ਹੈ | ਫੈਕਟਰੀ ਮਾਲਕ ਰਾਜੀਵ ਰਾਣਾ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ | ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |