ਜ਼ੀਰਕਪੁਰ, 20 ਮਈ (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਬਲਟਾਣਾ ਖੇਤਰ ਦੇ ਵਾ. ਨੰ. 4 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਰਸ਼ਪ੍ਰੀਤ ਕੌਰ ਵਲੋਂ ਅੱਜ ਸੈਣੀ ਵਿਹਾਰ ਫੇਜ਼-1 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਵਾਰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਵਾਰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਅਰਸ਼ਪ੍ਰੀਤ ਕੌਰ ਨੇ ਵਾਅਦਾ ਕੀਤਾ ਕਿ ਵਾਰਡ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਰੀਬ 30 ਸਾਲਾਂ ਤੋਂ ਬਲਟਾਣਾ ਵਾਸੀਆਂ ਦੀ ਸੇਵਾ 'ਚ ਲਗਾਤਾਰ ਹਾਜ਼ਰ ਰਿਹਾ ਹੈ ਅਤੇ ਇਸੇ ਸੇਵਾ ਭਾਵਨਾ ਨੂੰ ਅੱਗੇ ਵਧਾਉਂਦਿਆਂ ਉਹ ਵਾ. ਨੰ. 4 ਦੀ ਨੁਹਾਰ ਬਦਲਣਗੇ | ਉਨ੍ਹਾਂ ਦੱਸਿਆ ਕਿ ਚੋਣ ਮੁਹਿੰਮ ਦੌਰਾਨ ਮਹੰਤ ਸਮਾਜ ਵਲੋਂ ਵੀ ਉਨ੍ਹਾਂ ਨੂੰ ਸਹਿਯੋਗ ਅਤੇ ਅਸ਼ੀਰਵਾਦ ਦਿੱਤਾ ਗਿਆ, ਜਿਸ ਬਦਲੇ ਉਨ੍ਹਾਂ ਵਲੋਂ ਸਮਾਜ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਸਵੰਤ ਸਿੰਘ, ਸਤਨਾਮ ਸਿੰਘ ਤੇ ਸੁਖਵਿੰਦਰ ਸਿੰਘ ਸੁੱਖਾ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਤੇ ਪਾਰਟੀ ਵਰਕਰ ਹਾਜ਼ਰ ਸਨ |