ਕੁਰਾਲੀ, 20 ਮਈ (ਹਰਪ੍ਰੀਤ ਸਿੰਘ)-ਨਗਰ ਕੌਂਸਲ ਚੋਣਾਂ ਲਈ ਸਥਾਨਕ ਸ਼ਹਿਰ ਦੇ 17 ਵਾਰਡਾਂ 'ਚ ਕੁੱਲ 77 ਉਮੀਦਵਾਰ ਚੋਣ ਮੈਦਾਨ 'ਚ ਉਤਰੇ ਹਨ | ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਇਨ੍ਹਾਂ ਉਮੀਦਵਾਰਾਂ ਵਿਚ ਮਹਿਲਾ ਉਮੀਦਵਾਰਾਂ ਦੀ ਗਿਣਤੀ 30 ਤੋਂ ਵਧੇਰੇ ਹੈ, ਜਿਨ੍ਹਾਂ 'ਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਸ਼ਹਿਰ ਦੇ ਸਾਰੇ 17 ਵਾਰਡਾਂ 'ਚ ਆਪਣੇ ਉਮੀਦਵਾਰ ਖੜ੍ਹਾਉਣ 'ਚ ਸਫਲ ਰਹੇ ਹਨ, ਜਦਕਿ ਅਕਾਲੀ ਦਲ ਦੇ 11 ਅਤੇ ਭਾਜਪਾ ਦੇ 13 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਕੌਂਸਲ ਚੋਣਾਂ ਲੜਨ ਵਾਲੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ 20 ਹੈ | ਇਨ੍ਹਾਂ ਨਗਰ ਕੌਂਸਲ ਚੋਣਾਂ 'ਚ ਸ਼ਹਿਰ ਦੇ ਵਾ. ਨੰ. 17 'ਚ ਸਭ ਤੋਂ ਵੱਧ 7 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ, ਜਦਕਿ ਵਾ. ਨੰ. ਛੇ ਅਤੇ ਵਾ. ਨੰ. 9 ਤੋਂ ਸਭ ਤੋਂ ਘੱਟ ਤਿੰਨ ਉਮੀਦਵਾਰ ਚੋਣ ਮੈਦਾਨ 'ਚ ਹਨ | ਇਨ੍ਹਾਂ ਨਗਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦੀ ਸਥਿਤੀ ਸਪਸ਼ਟ ਹੁੰਦੇ ਸਾਰ ਹੀ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਵਾਰਡਾਂ ਦੇ 'ਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ | ਇਨ੍ਹਾਂ ਉਮੀਦਵਾਰਾਂ ਵੱਲੋਂ ਜਿੱਥੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਉਥੇ ਸੜਕਾਂ ਤੇ ਮੁਹੱਲਿਆਂ 'ਚ ਬੋਰਡ ਲਗਾ ਕੇ ਲੋਕਾਂ ਨੂੰ ਆਪਣੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ ਜਾ ਰਹੀ ਹੈ |