ਚੰਡੀਗੜ੍ਹ, 25 ਮਈ (ਅਜੀਤ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਹਮਲਾ ਬੋਲਿਆ ਹੈ | ਪੰਨੂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਭਾਜਪਾ ਨੇ ਅੱਜ ਫਿਰ ਮਹਿੰਗਾਈ ਦਾ ਇੱਕ ਬੇਰਹਿਮ ਤੋਹਫ਼ਾ ਦੇ ਦਿੱਤਾ ਹੈ | ਕੇਂਦਰ ਸਰਕਾਰ ਨੇ ਇਕ ਵਾਰ ਫਿਰ ਡੀਜ਼ਲ ਦੀਆਂ ਕੀਮਤਾਂ ਵਿਚ 2.71 ਰੁਪਏ ਅਤੇ ਪੈਟਰੋਲ ਵਿੱਚ 2.61 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕਰ ਦਿੱਤਾ ਹੈ | ਪੰਨੂੰ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਮਹਿਜ਼ 10 ਦਿਨਾਂ ਦੇ ਅੰਦਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 7.50 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਜਾ ਚੁੱਕਾ ਹੈ | ਭਾਜਪਾ ਦੀਆਂ ਇਹ ਲੋਕ-ਵਿਰੋਧੀ ਨੀਤੀਆਂ ਨਾ ਸਿਰਫ਼ ਸਾਡੀ ਕਿਸਾਨੀ ਲਈ ਘਾਤਕ ਹਨ ਬਲਕਿ ਵਪਾਰ ਜਗਤ ਦਾ ਵੀ ਲੱਕ ਤੋੜ ਰਹੀਆਂ ਹਨ | ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਦਿਆਂ ਬਲਤੇਜ ਪੰਨੂ ਨੇ ਸਵਾਲ ਕੀਤਾ ਕਿ ਜਾਖੜ ਸਾਹਿਬ ਆਖਰ ਕਿਸ ਮੂੰਹ ਨਾਲ ਨਗਰ ਨਿਗਮ ਚੋਣਾਂ ਵਿਚ ਭਾਜਪਾ ਲਈ ਵੋਟਾਂ ਮੰਗ ਰਹੇ ਹਨ? ਜਾਖੜ ਸਾਹਿਬ ਨੂੰ ਪੰਜਾਬ ਤੇ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਬੀਤੇ ਕੁਝ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 7.50 ਰੁਪਏ ਵਧਾਉਣ ਤੋਂ ਬਾਅਦ ਉਨ੍ਹਾਂ ਕੋਲ ਅਜਿਹੀ ਕਿਹੜੀ ਉਪਲਬਧੀ ਹੈ, ਜਿਸ ਨੂੰ ਲੈ ਕੇ ਉਹ ਪੰਜਾਬ ਦੇ ਲੋਕਾਂ ਵਿਚ ਜਾ ਰਹੇ ਹਨ |