ਚੰਡੀਗੜ੍ਹ, 25 ਮਈ (ਅ.ਬ.) - ਫਤਿਹ ਐਜੂਕੇਸ਼ਨ ਨੇ ਆਪਣੀ ਪ੍ਰਮੁੱਖ ਅੰਤਰ-ਸਕੂਲੀ ਕੁਇਜ਼ ਮੁਕਾਬਲੇ 'ਕੁਐਸਟ ਟੂ ਕਾਂਕਰ 2026' ਦੇ ਚੰਡੀਗੜ੍ਹ ਸੰਸਕਰਨ ਵਿਚ ਇਲਾਕੇ ਭਰ ਦੇ ਸੈਂਕੜਿਆਂ ਨੌਜਵਾਨ ਕੁਇਜ਼ ਭਾਗੀਦਾਰਾਂ, ਅਧਿਆਪਕਾਂ ਅਤੇ ਸਕੂਲਾਂ ਨੇ ਹਿੱਸਾ ਲਿਆ | ਇਹ ਪ੍ਰੋਗਰਾਮ ਗਿਆਨ, ਜਿਗਿਆਸਾ ਅਤੇ ਟੀਮ ਭਾਵਨਾ ਦਾ ਇਕ ਵਿਲੱਖਣ ਜਸ਼ਨ ਬਣ ਕੇ ਸਾਹਮਣੇ ਆਇਆ¢ ਇੱਕ ਦੁਨੀਆ, ਅਨੇਕ ਸਵਾਲ ਵਿਸ਼ੇ 'ਤੇ ਕਰਵਾਏ ਗਏ ਇਸ ਮੁਕਾਬਲੇ ਵਿਚ 46 ਸਕੂਲਾਂ ਦੀਆਂ 125 ਟੀਮਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ, ਵਿਸ਼ਲੇਸ਼ਣ ਸਮਰੱਥਾ, ਤੁਰੰਤ ਸੋਚ ਤੇ ਟੀਮ ਵਰਕ ਦੇ ਹੁਨਰ ਦਰਸਾਉਣ ਦਾ ਮੌਕਾ ਦਿੱਤਾ | ਇਸ ਵਿਚ ਲਿਖਤੀ ਯੋਗਤਾ ਰਾਊਾਡ, ਸੈਮੀਫਾਈਨਲ ਤੇ ਰੋਮਾਂਚਕ ਗ੍ਰੈਂਡ ਫਿਨਾਲੇ ਵਰਗੇ ਕਈ ਮੁਕਾਬਲਾਤੀ ਪੜਾਅ ਸ਼ਾਮਲ ਸਨ | ਇਸ ਮੌਕੇ ਫਤਿਹ ਐਜੂਕੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਹਿ-ਸੰਸਥਾਪਕ ਸੁਨੀਤ ਸਿੰਘ ਕੋਚਰ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਵਿਦਿਆਰਥੀਆਂ ਨੂੰ ਰਵਾਇਤੀ ਕਲਾਸ-ਰੂਮ ਸਿੱਖਿਆ ਤੋਂ ਅੱਗੇ ਵੱਧ ਕੇ ਸਵਾਲ ਪੁੱਛਣ, ਖੋਜ ਕਰਨ ਤੇ ਸੁਤੰਤਰ ਤੌਰ 'ਤੇ ਸੋਚਣ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਜੋਸ਼ ਤੇ ਮੁਕਾਬਲਾਤੀ ਭਾਵਨਾ ਇਸ ਗੱਲ ਦਾ ਸੰਕੇਤ ਹੈ ਕਿ ਅੱਜ ਦੇ ਸਮੇਂ ਵਿਚ ਹੋਰ ਪ੍ਰਭਾਵਸ਼ਾਲੀ ਤੇ ਤਜਰਬਾਤੀ ਸਿੱਖਣ ਮੰਚਾਂ ਦੀ ਲੋੜ ਵੱਧ ਰਹੀ ਹੈ |