ਐੱਸ. ਏ. ਐੱਸ. ਨਗਰ, 26 ਮਈ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਨੇ ਸਥਾਨਕ ਵਾ. ਨੰ. 10 'ਚ ਚੱਲ ਰਹੀ ਵੋਟਿੰਗ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਵੋਟਰਾਂ ਦੀ ਗੁਪਤਤਾ ਪੂਰੀ ਤਰ੍ਹਾਂ ਭੰਗ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਬੈਲਟ ਪੇਪਰਾਂ ਅਤੇ ਰਜਿਸਟਰਾਂ 'ਤੇ ਇਕੋ ਹੀ ਨੰਬਰ ਦਰਜ ਹੋਣ ਕਾਰਨ ਇਹ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਵੋਟਰ ਨੇ ਕਿਸ ਨੂੰ ਵੋਟ ਪਾਈ ਹੈ | ਉਨ੍ਹਾਂ ਕਿਹਾ ਕਿ ਵੋਟਰ ਨੂੰ ਦਿੱਤੇ ਜਾ ਰਹੇ ਬੈਲਟ ਪੇਪਰ, ਕਾਊਾਟਰ ਫਾਈਲ ਅਤੇ ਰਜਿਸਟਰ 'ਚ ਇਕੋ ਸੀਰੀਅਲ ਨੰਬਰ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਵੋਟ ਦੀ ਗੁਪਤਤਾ ਖ਼ਤਮ ਹੋ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕਾਊਾਟਰ ਫਾਈਲ ਖੋਲ੍ਹੀ ਜਾਵੇ ਤਾਂ ਵੋਟਰ ਦੀ ਪਛਾਣ ਅਤੇ ਉਸ ਦੀ ਵੋਟ ਬਾਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ, ਜੋ ਕਿ ਲੋਕਤੰਤਰਿਕ ਪ੍ਰਣਾਲੀ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ ਮੁਹਾਲੀ ਤੱਕ ਸੀਮਿਤ ਮਾਮਲਾ ਨਹੀਂ, ਸਗੋਂ ਪੂਰੇ ਪੰਜਾਬ ਦੇ ਲੋਕਾਂ ਦੇ ਡਾਟਾ ਨਾਲ ਖੇਡ ਕੀਤੀ ਜਾ ਰਹੀ ਹੈ | ਬੇਦੀ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਖਾਸ ਤੌਰ 'ਤੇ ਕਾਂਗਰਸ ਪਾਰਟੀ ਦੇ ਵੋਟਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਬੇਦੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅੱਗੇ ਵੀ ਉਠਾਉਣਗੇ ਅਤੇ ਇਸ ਖ਼ਿਲਾਫ਼ ਪੂਰੀ ਕਾਨੂੰਨੀ ਤੇ ਲੋਕਤੰਤਰਿਕ ਲੜਾਈ ਲੜੀ ਜਾਵੇਗੀ |