ਡੇਰਾਬੱਸੀ, 27 ਮਈ (ਰਣਬੀਰ ਸਿੰਘ ਪੜ੍ਹੀ) - ਡੇਰਾਬੱਸੀ ਕੌਂਸਲ ਚੋਣਾਂ ਦੇ ਤਹਿਤ 18 ਮਿਉਂਸੀਪਲ ਵਾਰਡਾਂ ਦੇ 51 ਪੋਲਿੰਗ ਬੂਥਾਂ 'ਤੇ ਹੋਈ ਵੋਟਿੰਗ ਦੀ ਸਮੀਖਿਆ ਦÏਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਵੋਟਰਾਂ ਵਿਚ ਪਿਛਲੀ ਵਾਰ ਵਰਗਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ | ਇਸ ਵਾਰ ਕੁੱਲ ਮਤਦਾਨ ਪਿਛਲੀਆਂ ਚੋਣਾਂ ਦੇ ਮੁਕਾਬਲੇ 8.61 ਫ਼ੀਸਦੀ ਘੱਟ ਦਰਜ ਕੀਤਾ ਗਿਆ ਹੈ ਜਿੱਥੇ ਸਾਲ 2021 ਦੀਆਂ ਚੋਣਾਂ ਵਿਚ 65.69 ਫ਼ੀਸਦੀ ਵੋਟਿੰਗ ਹੋਈ ਸੀ ਉੱਥੇ ਹੀ ਇਸ ਵਾਰ ਇਹ ਅੰਕੜਾ ਮਹਿਜ਼ 57.09 ਫ਼ੀਸਦੀ 'ਤੇ ਹੀ ਸਿਮਟ ਕੇ ਰਹਿ ਗਿਆ | ਅੰਕੜਿਆਂ ਮੁਤਾਬਿਕ ਖੇਤਰ ਦੇ ਕੁੱਲ 51,457 ਵੋਟਰਾਂ ਵਿਚੋਂ ਸਿਰਫ਼ 29,378 ਵੋਟਰ ਹੀ ਪੋਲਿੰਗ ਬੂਥਾਂ ਤੱਕ ਪਹੁੰਚੇ ਜਿਨ੍ਹਾਂ ਵਿਚ 15,569 ਪੁਰਸ਼ ਅਤੇ 13,809 ਮਹਿਲਾਵਾਂ ਸ਼ਾਮਲ ਹਨ | ਇਨ੍ਹਾਂ ਚੋਣਾਂ ਵਿਚ ਇੱਕ ਵਾਰ ਫਿਰ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਦੇ ਵੋਟਰ ਵੋਟ ਪਾਉਣ ਵਿਚ ਮੋਹਰੀ ਰਹੇ | ਪੇਂਡੂ ਵਾਰਡਾਂ ਦੇ ਤਹਿਤ ਆਉਂਦੇ ਪਿੰਡ ਜਨੇਤਪੁਰ ਤੇ ਮਹਿਮਦਪੁਰ ਦੇ ਵਾਰਡ ਨੰਬਰ 17 ਵਿਚ ਸਭ ਤੋਂ ਵੱਧ 79.28 ਫ਼ੀਸਦੀ ਮਤਦਾਨ ਹੋਇਆ ਜਿੱਥੇ ਕੁੱਲ 1,549 ਵੋਟਰਾਂ ਵਿਚੋਂ 1,228 ਲੋਕਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਇਸੇ ਤਰ੍ਹਾਂ ਦੂਜੇ ਨੰਬਰ 'ਤੇ ਵਾਰਡ ਨੰਬਰ 11 ਰਿਹਾ ਜਿੱਥੇ 2,638 ਵੋਟਰਾਂ ਵਿਚੋਂ 1,895 ਨੇ ਵੋਟ ਪਾ ਕੇ ਮਤਦਾਨ ਦਾ ਫ਼ੀਸਦੀ 71.83 ਤੱਕ ਪਹੁੰਚਾਇਆ | ਤੀਜੇ ਸਥਾਨ 'ਤੇ ਰਹਿਣ ਵਾਲੇ ਵਾਰਡ ਨੰਬਰ 8 ਵਿਚ 68.63 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ | ਇਸ ਤੋਂ ਇਲਾਵਾ ਵਾਰਡ ਚਾਰ ਵਿਚ 67.50 ਫ਼ੀਸਦੀ, ਵਾਰਡ 18 ਵਿਚ 67.04 ਫ਼ੀਸਦੀ, ਵਾਰਡ 16 ਵਿਚ 64.10 ਫ਼ੀਸਦੀ, ਵਾਰਡ 14 ਵਿਚ 62.72 ਫ਼ੀਸਦੀ, ਵਾਰਡ ਬਾਰਾਂ ਵਿਚ 61.10 ਫ਼ੀਸਦੀ, ਵਾਰਡ ਤਿੰਨ ਵਿਚ 60.38 ਫ਼ੀਸਦੀ ਤੇ ਵਾਰਡ ਇੱਕ ਵਿਚ 58.55 ਫ਼ੀਸਦੀ ਪੋਲਿੰਗ ਹੋਈ, ਜੋ ਕਿ ਕੁੱਲ ਔਸਤ ਮਤਦਾਨ ਨਾਲੋਂ ਵੱਧ ਰਹੀ | ਦੂਜੇ ਪਾਸੇ, ਵਾਰਡ ਨੰਬਰ 5 ਵਿਚ ਵੋਟਰਾਂ ਨੇ ਸਭ ਤੋਂ ਘੱਟ ਦਿਲਚਸਪੀ ਦਿਖਾਈ ਜਿਸ ਕਾਰਨ ਇੱਥੇ ਸਭ ਤੋਂ ਘੱਟ ਮਹਿਜ਼ 36.94 ਫ਼ੀਸਦੀ ਮਤਦਾਨ ਹੋਇਆ | ਇਸ ਤੋਂ ਬਾਅਦ ਵਾਰਡ ਨੰਬਰ 9 ਵਿਚ 49.75 ਫ਼ੀਸਦੀ ਵੋਟਿੰਗ ਹੋਈ | ਤੀਜੇ ਸਭ ਤੋਂ ਪਛੜੇ ਵਾਰਡਾਂ ਵਿਚ ਵਾਰਡ ਨੰਬਰ 13 ਸ਼ਾਮਲ ਰਿਹਾ ਜਿੱਥੇ 1,233 ਵੋਟਰਾਂ ਵਿਚੋਂ ਮਹਿਜ਼ 50.62 ਫ਼ੀਸਦੀ ਵੋਟਾਂ ਹੀ ਪਈਆਂ | ਇਸ ਦੇ ਨਾਲ ਹੀ ਵਾਰਡ ਸੱਤ ਵਿਚ 53.29 ਫ਼ੀਸਦੀ, ਵਾਰਡ ਦਸ ਵਿਚ 54.03 ਫ਼ੀਸਦੀ, ਵਾਰਡ ਦੋ 'ਚ 54.52 ਫ਼ੀਸਦੀ, ਵਾਰਡ ਛੇ ਵਿਚ 55.14 ਫ਼ੀਸਦੀ ਤੇ ਵਾਰਡ 15 ਵਿਚ 56.16 ਫ਼ੀਸਦੀ ਵੋਟਿੰਗ ਹੋਈ, ਜੋ ਕਿ ਇਸ ਵਾਰ ਦੀ ਕੁੱਲ ਅÏਸਤ ਵੋਟਿੰਗ ਦਰ ਨਾਲੋਂ ਵੀ ਘੱਟ ਰਹੀ |