ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਇਥੇ ਕਿਹਾ ਕਿ ਭਾਜਪਾ ਦੇ ਆਗੂ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਮਹਿਲਾ ਐਸ.ਐਸ.ਪੀ. ਨਾਲ ਕੀਤੀ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਸਨੇ ਆਪਣੀਆਂ ਜਾਨਾਂ ਵਾਰ ਕੇ ਪੰਜਾਬ ਨੂੰ ਅੱਗ 'ਚੋਂ ਕੱਢਿਆ ਸੀ | ਅੱਜ ਉਸੇ ਪੁਲਿਸ ਦੇ ਮੁਲਾਜ਼ਮਾਂ ਦੇ ਗਿਰੇਬਾਨ ਨੂੰ ਹੱਥ ਪਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੀ ਇਸ ਗੁੰਡਾਗਰਦੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ | ਕਾਨੂੰਨ ਦੀ ਰੱਖਿਆ ਕਰਨ ਵਾਲੇ ਪੁਲਿਸ ਕਰਮਚਾਰੀਆਂ ਨਾਲ ਇਸ ਤਰ੍ਹਾਂ ਦਾ ਵਰਤਾਵ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਪੁੱਛਿਆ ਕਿ ਕੀ ਭਾਜਪਾ ਦੀ ਔਰਤਾਂ ਪ੍ਰਤੀ ਇਹੀ ਸੋਚ ਹੈ? ਉਨ੍ਹਾਂ ਕਿਹਾ ਕਿ ਇਕ ਮਹਿਲਾ ਆਈ.ਪੀ.ਐਸ. ਅਫਸਰ ਨਾਲ ਗਲਤ ਵਿਹਾਰ ਕਰਨਾ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਹੁਣ ਸਭ ਦੀ ਨਜ਼ਰ ਪੰਜਾਬ ਸਰਕਾਰ 'ਤੇ ਟਿਕੀ ਹੋਈ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਵਿਚ ਕਦੋਂ ਕਾਰਵਾਈ ਕਰਨਗੇ?