ਖਰੜ, 30 ਮਈ (ਜੰਡਪੁਰੀ)- ਖਰੜ-ਕੁਰਾਲੀ ਰੋਡ 'ਤੇ ਸਥਿਤ ਫਿਊਚਰ ਹਾਈਟ ਦੀ 13ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਇਕ 20 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਵੰਸ਼ ਪੁੱਤਰ ਮੁਕੇਸ਼ ਵਾਸੀ ਪਿੰਡ ਪੁਰਖਾਸ ਤਹਿਸੀਲ ਕਨੌਰ ਜ਼ਿਲ੍ਹਾ ਸੋਨੀਪਤ ਵਜੋਂ ਹੋਈ ਹੈ | ਇਸ ਸੰਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਵੰਸ਼ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਮੁਹਾਲੀ ਦੀ ਇਕ ਨਿੱਜੀ ਯੂਨੀਵਰਸਿਟੀ ਵਿਖੇ ਬੀ. ਟੈੱਕ ਦੇ ਆਖਰੀ ਸਾਲ ਦਾ ਵਿਦਿਆਰਥੀ ਸੀ ਤੇ ਪੇਪਰ ਖ਼ਤਮ ਹੋਣ ਦੀ ਖੁਸ਼ੀ 'ਚ ਫਿਊਚਰ ਹਾਈਟ ਵਿਖੇ 13ਵੀਂ ਮੰਜ਼ਿਲ 'ਤੇ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਸੀ | ਉਨ੍ਹਾਂ ਦੱਸਿਆ ਕਿ ਘਟਨਾ ਸੰਬੰਧੀ ਭਾਵੇਂ ਮੌਕੇ 'ਤੇ ਹਾਜ਼ਰ ਉਸ ਦੇ ਦੋਸਤਾਂ ਨੂੰ ਪਤਾ ਨਹੀਂ ਚੱਲਿਆ ਪਰ ਜਦੋਂ ਉਸ ਦਾ ਪੁੱਤਰ 13ਵੀਂ ਮੰਜ਼ਿਲ ਤੋਂ ਹੇਠਾਂ ਪਾਣੀ ਵਾਲੀ ਪਾਈਪ 'ਤੇ ਡਿੱਗਿਆ ਤਾਂ ਪਾਣੀ ਵਹਿਣ ਲੱਗ ਪਿਆ | ਇਸ ਪਾਣੀ ਨੂੰ ਦੇਖ ਕੇ ਜਦੋਂ ਫਿਊਚਰ ਹਾਈਟ ਦੇ ਚੌਕੀਦਾਰ ਨੇ ਚੈੱਕ ਕੀਤਾ ਤਾਂ ਉਸ ਦਾ ਪੁੱਤਰ ਮਿ੍ਤਕ ਹਾਲਤ 'ਚ ਪਿਆ ਸੀ | ਘਟਨਾ ਸਮੇਂ ਵੰਸ਼ ਦੇ ਦੋਸਤ ਉਸ ਨੂੰ ਲੱਭਦੇ ਹੋਏ ਹੇਠ ਆ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਾਦਸੇ ਸੰਬੰਧੀ ਜਾਣਕਾਰੀ ਮਿਲੀ | ਫ਼ਿਲਹਾਲ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 194 ਤਹਿਤ ਕਾਰਵਾਈ ਅਮਲ 'ਚ ਲਿਆਉਂਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |