ਮਾਜਰੀ, 30 ਮਈ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਅਧੀਨ ਪੈਂਦੇ ਖੇਤਰ 'ਚ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਕਿਉਂਕਿ ਜਿੱਥੇ ਬਾਰਸ਼ ਪੈਣ ਨਾਲ ਬਿਜਲੀ ਸਪਲਾਈ ਕਈ ਘੰਟੇ ਠੱਪ ਰਹਿਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ, ਉਥੇ ਹੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਾਕਾਮੀ ਕਾਰਨ ਪਹਾੜੀ ਖੇਤਰ 'ਚ ਪੈਂਦੇ ਪਿੰਡ ਜੈਅੰਤੀ ਮਾਜਰੀ ਦੇ ਮੰਦਰ ਨੇੜੇ ਸੰਪਰਕ ਸੜਕ 'ਤੇ ਲੱਗਾ ਰੈਂਪ ਟੁੱਟਣ ਕਾਰਨ ਰਾਹਗੀਰਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸੇ ਤਰ੍ਹਾਂ ਹੀ ਬਲਾਕ ਮਾਜਰੀ ਦੇ ਕਸਬਾ ਖ਼ਿਜ਼ਰਾਬਾਦ ਦੀ ਬਰਸਾਤੀ ਨਦੀ 'ਚ ਪਾਣੀ ਦਾ ਵਹਾਅ ਵਧਣ ਕਾਰਨ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਰਸਾਤੀ ਨਦੀ ਦਾ ਪਾਣੀ ਇਕ ਥਾਂ 'ਤੇ ਇਕੱਠਾ ਹੋਣ ਕਾਰਨ ਰਾਹਗੀਰ ਨੂੰ ਨਦੀ ਪਾਰ ਕਰਨ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ | ਇੱਥੇ ਜ਼ਿਕਰਯੋਗ ਹੈ ਕਿ ਖ਼ਿਜ਼ਰਾਬਾਦ ਦੀ ਬਰਸਾਤੀ ਨਦੀ 'ਤੇ ਲੱਗੇ ਰੈਂਪ ਦੇ ਆਲੇ-ਦੁਆਲੇ ਬਹੁਤ ਜ਼ਿਆਦਾ ਘਾਹ-ਫੂਸ ਉੱਗਿਆ ਹੋਣ ਕਰ ਕੇ ਪਾਣੀ ਦਾ ਵਹਾਅ ਸੁਚਾਰੂ ਨਹੀਂ ਹੋ ਸਕਿਆ, ਜਿਸ ਕਾਰਨ ਇੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਣ ਕਾਰਨ ਰਾਹਗੀਰਾਂ ਲਈ ਰੈਂਪ ਪਾਰ ਕਰ ਕੇ ਜਾਣਾ ਅਸੰਭਵ ਹੋ ਗਿਆ | ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਤੋਂ ਪਹਿਲਾਂ ਪਏ ਇਸ ਭਾਰੀ ਮੀਂਹ ਨੇ ਪਾਣੀ ਦੀ ਨਿਕਾਸੀ ਦੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ | ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਰਸਾਤੀ ਨਦੀਆਂ ਦੇ ਵਹਾਅ ਵਾਲੇ ਰਸਤੇ ਨੂੰ ਸਾਫ਼ ਕਰਵਾਇਆ ਜਾਵੇ ਤਾਂ ਕਿ ਰਾਹਗੀਰਾਂ ਨੂੰ ਆਉਣ-ਜਾਣ 'ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਲੋਕਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬਰਸਾਤ ਦੇ ਮੌਸਮ 'ਚ ਨਦੀ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜਿੱਥੇ ਲੋਕਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ ਉਥੇ ਹੀ ਕਈ ਵਿਅਕਤੀ ਪਾਣੀ ਦੇ ਵਹਾਅ 'ਚ ਰੁੜ੍ਹਨ ਕਾਰਨ ਆਪਣੀ ਜਾਨਾਂ ਵੀ ਗੁਆ ਚੁੱਕੇ ਹਨ | ਉਨ੍ਹਾਂ ਮੰਗ ਕੀਤੀ ਕਿ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖੇਤਰ ਦੀਆਂ ਨਦੀਆਂ ਤੇ ਨਾਲਿਆਂ ਦੀ ਸਫ਼ਾਈ ਵੱਲ ਉਚੇਚੇ ਧਿਆਨ ਦਿੱਤਾ ਜਾਵੇ |