ਡੇਰਾਬੱਸੀ, 1 ਜੂਨ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਨੇੜਲੇ ਪਿੰਡ ਗੁਲਾਬਗੜ੍ਹ ਵਿਖੇ ਝਾੜੀਆਂ 'ਚੋਂ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਗਲੀ-ਸੜੀ ਅਣਪਛਾਤੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਸ਼ 'ਚੋਂ ਉੱਠ ਰਹੀ ਬਦਬੂ ਕਾਰਨ ਸੋਮਵਾਰ ਸਵੇਰੇ ਇਸ ਘਟਨਾ ਦਾ ਪਤਾ ਚੱਲਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਲਾਸ਼ ਪੂਰੀ ਤਰ੍ਹਾਂ ਸੜ ਚੁੱਕੀ ਸੀ ਤੇ ਉਸ 'ਚ ਕੀੜੇ ਚੱਲ ਰਹੇ ਸਨ | ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿਚ ਤੇਜ਼ ਬਦਬੂ ਫੈਲ ਰਹੀ ਸੀ ਤੇ ਜਦੋਂ ਇਕ ਸਥਾਨਕ ਵਸਨੀਕ ਨੇ ਆਪਣੇ ਘਰ ਦੀ ਛੱਤ 'ਤੇ ਚੜ੍ਹ ਕੇ ਦੇਖਿਆ ਤਾਂ ਉਸ ਨੂੰ ਘਰ ਦੇ ਪਿਛਲੇ ਪਾਸੇ ਖਾਲੀ ਮੈਦਾਨ ਦੀਆਂ ਝਾੜੀਆਂ 'ਚ ਇਕ ਲਾਸ਼ ਪਈ ਦਿਖਾਈ ਦਿੱਤੀ | ਮਿ੍ਤਕ ਵਿਅਕਤੀ ਨੰਗੇ ਪੈਰ ਸੀ ਤੇ ਉਸ ਨੇ ਕਾਲੀ ਪੈਂਟ ਤੇ ਪੀਲੀ ਕਮੀਜ਼ ਪਹਿਨੀ ਹੋਈ ਸੀ | ਲਾਸ਼ ਦੀ ਹਾਲਤ ਨੂੰ ਦੇਖਦਿਆਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕਰੀਬ 3-4 ਦਿਨ ਪੁਰਾਣੀ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਇਕ ਪਲਾਸਟਿਕ ਦੇ ਬੋਰੇ 'ਚ ਪੈਕ ਕਰਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ ਰਖਵਾ ਦਿੱਤਾ | ਪੁਲਿਸ ਮੁਤਾਬਿਕ ਪੋਸਟਮਾਰਟਮ ਤੋਂ ਪਹਿਲਾਂ ਲਾਸ਼ ਦੀ ਸ਼ਨਾਖਤ ਲਈ ਇਸ ਨੂੰ 72 ਘੰਟਿਆਂ ਵਾਸਤੇ ਮੋਰਚਰੀ ਵਿਖੇ ਰੱਖਿਆ ਜਾਵੇਗਾ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |