ਚੰਡੀਗੜ੍ਹ, 5 ਜੂਨ (ਅਜੀਤ ਬਿਊਰੋ)- ਅੱਜ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ਇਕ ਉੱਚ-ਪੱਧਰੀ ਸਮੀਖਿਆ ਮੀਟਿੰਗ ਹੋਈ ਜਿਸ ਵਿਚ ਸਕੂਲਾਂ ਵਿਚ ਪੋਸ਼ਣ ਸਬੰਧੀ ਬਗੀਚੀਆਂ, ਸਕੂਲ ਸਿਹਤ ਪ੍ਰੋਗਰਾਮਾਂ ਤੇ ਰਾਜ ਭਰ ਵਿਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਜਾਗਰੂਕਤਾ ਪਹਿਲਕਦਮੀਆਂ ਦੀ ਪ੍ਰਗਤੀ ਤੇ ਲਾਗੂਕਰਨ ਦਾ ਮੁਲਾਂਕਣ ਕੀਤਾ ਗਿਆ | ਮੀਟਿੰਗ ਵਿੱਚ ਸਰਕਾਰੀ ਸਕੂਲਾਂ ਵਿੱਚ ਪੋਸ਼ਣ ਸਬੰਧੀ ਬਗੀਚੀਆਂ ਦੀ ਸਥਾਪਨਾ ਤੇ ਕਾਰਜਸ਼ੀਲਤਾ ਦਾ ਜਾਇਜ਼ਾ ਲਿਆ ਗਿਆ | ਚੇਅਰਮੈਨ ਨੇ ਕਿਹਾ ਕਿ ਇਹ ਬਾਗ ਮਹਿਜ ਪ੍ਰਤੀਕਾਤਮਕ ਨਹੀਂ ਰਹਿਣੇ ਚਾਹੀਦੇ ਬਲਕਿ ਵਿਦਿਆਰਥੀਆਂ ਨੂੰ ਪੋਸ਼ਣ, ਟਿਕਾਊ ਖੇਤੀਬਾੜੀ ਤੇ ਭੋਜਨ ਸੁਰੱਖਿਆ ਬਾਰੇ ਵਿਹਾਰਕ ਸਿੱਖਿਆ ਪ੍ਰਦਾਨ ਕਰਨ ਲਈ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ | ਅਧਿਕਾਰੀਆਂ ਨੂੰ ਬੱਚਿਆਂ ਲਈ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਲਈ ਮਿਡ-ਡੇਅ ਮੀਲ ਤਿਆਰ ਕਰਨ ਲਈ ਨਿਯਮਤ ਰੱਖ-ਰਖਾਅ, ਰਸੋਈਆਂ ਦੀ ਸਫਾਈ, ਰਸੋਈਏ ਲਈ ਢੁਕਵੀਂ ਸਿਖਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ | ਸਕੂਲ ਸਿਹਤ ਪ੍ਰੋਗਰਾਮ ਬਾਰੇ ਕਮਿਸ਼ਨ ਨੇ ਸਕੂਲਾਂ ਵਿਚ ਸਿਹਤ ਜਾਂਚ, ਵਿਕਾਸ ਦੀ ਨਿਗਰਾਨੀ ਤੇ ਸਫਾਈ ਅਭਿਆਸਾਂ ਲਈ ਕੀਤੇ ਜਾ ਰਹੇ ਉਪਾਵਾਂ ਦੀ ਸਮੀਖਿਆ ਕੀਤੀ | ਚੇਅਰਮੈਨ ਨੇ ਕੁਪੋਸ਼ਣ ਦੀ ਜਲਦੀ ਪਛਾਣ ਅਤੇ ਸਕੂਲ ਪੱਧਰ 'ਤੇ ਪੋਸ਼ਣ ਸਬੰਧੀ ਕਮੀਆਂ ਨੂੰ ਦੂਰ ਕਰਨ ਲਈ ਸਿਹਤ, ਸਿੱਖਿਆ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗਾਂ ਵਿਚਕਾਰ ਤਾਲਮੇਲ ਅਧਾਰਿਤ ਕਾਰਵਾਈ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਕਮਿਸ਼ਨ ਨੇ ਕੌਮੀ ਖੁਰਾਕ ਸੁਰੱਖਿਆ ਐਕਟ , 2013 ਦੇ ਉਪਬੰਧਾਂ 'ਤੇ ਜਾਗਰੂਕਤਾ ਮੁਹਿੰਮ ਦਾ ਵੀ ਮੁਲਾਂਕਣ ਕੀਤਾ | ਚੇਅਰਮੈਨ ਨੇ ਜ਼ਿਲ੍ਹਾ-ਪੱਧਰੀ ਅਧਿਕਾਰੀਆਂ ਨੂੰ ਆਈ. ਈ. ਸੀ. ਗਤੀਵਿਧੀਆਂ ਨੂੰ ਤੇਜ਼ ਕਰਨ ਅਤੇ ਵਿਆਪਕ ਪ੍ਰਸਾਰ ਲਈ ਸਥਾਨਕ ਮੀਡੀਆ, ਸਕੂਲ ਅਤੇ ਆਂਗਣਵਾੜੀ ਕੇਂਦਰਾਂ ਵਰਗੇ ਨਵੀਨਤਾਕਾਰੀ ਸਾਧਨਾਂ ਨੂੰ ਅਪਣਾਉਣ ਦੇ ਵੀ ਨਿਰਦੇਸ਼ ਦਿੱਤੇ | ਮੀਟਿੰਗ ਦੀ ਸਮਾਪਤੀ ਵਿਚ ਚੇਅਰਮੈਨ ਨੇ ਉਕਤ ਮੁੱਦਿਆਂ 'ਤੇ ਮਹੀਨਾਵਾਰ ਸਮੀਖਿਆ, ਜ਼ਿਲ੍ਹਾ ਪੱਧਰ 'ਤੇ ਮੀਟਿੰਗਾਂ ਕਰਨ 'ਤੇ ਜ਼ੋਰ ਦਿੱਤਾ ਤੇ ਦੱਸਿਆ ਕਿ ਚੋਟੀ ਦੇ 3 ਸਕੂਲਾਂ ਤੇ ਆਂਗਣਵਾੜੀਆਂ ਨੂੰ ਰਾਜ ਪੱਧਰ 'ਤੇ ਮਾਨਤਾ ਦਿੱਤੀ ਜਾਵੇਗੀ | ਇਸ ਮੌਕੇ ਮੌਜੂਦ ਪਤਵੰਤਿਆਂ ਵਿੱਚ ਕਮਿਸ਼ਨ ਦੇ ਮੈਂਬਰ ਵਿਜੇ ਦੱਤ, ਜਸਵੀਰ ਸਿੰਘ ਸੇਖੋਂ ਤੇ ਮੈਂਬਰ ਸਕੱਤਰ ਕਨੂੰ ਥਿੰਦ ਤੇ ਹੋਰ ਸ਼ਾਮਲ ਸਨ |