ਜ਼ੀਰਕਪੁਰ, 5 ਜੂਨ (ਹੈਪੀ ਪੰਡਵਾਲਾ)- ਜ਼ੀਰਕਪੁਰ-ਅੰਬਾਲਾ ਮਾਰਗ 'ਤੇ ਸਥਿਤ ਛੱਤ ਲਾਈਟ ਪੁਆਇੰਟ 'ਤੇ ਰੌਸ਼ਨੀ ਲਈ ਲਗਾਈਆਂ ਗਈਆਂ ਲਾਈਟਾਂ ਦੇ ਬੰਦ ਹੋਣ ਅਤੇ ਸਿਗਨਲ ਪ੍ਰਣਾਲੀ ਠੱਪ ਹੋਣ ਕਾਰਨ ਵਾਹਨਾਂ ਦੇ ਟਕਰਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਬੁੱਧਵਾਰ ਰਾਤ ਨੂੰ ਵਾਪਰੇ ਹਾਦਸੇ ਤੋਂ ਬਾਅਦ ਲੰਘੀ ਰਾਤ ਮੁੜ ਇਥੇ ਵੱਡਾ ਹਾਦਸਾ ਵਾਪਰ ਗਿਆ | ਇਸ ਹਾਦਸੇ 'ਚ ਦੋ ਟਰੱਕਾਂ ਤੇ ਇਕ ਕਾਰ ਦੀ ਟੱਕਰ ਹੋਣ ਕਾਰਨ ਕਾਰ ਸਵਾਰ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਇਸ ਤੋਂ ਪਹਿਲਾਂ ਲੰਘੀ 15 ਮਈ ਨੂੰ ਇਸੇ ਜਗ੍ਹਾ ਮਨਾਲੀ ਤੋਂ ਦਿੱਲੀ ਜਾ ਰਹੀ ਟੂਰਿਸਟ ਬੱਸ ਵੀ ਟਰੱਕ ਨਾਲ ਟਕਰਾਅ ਕੇ ਪਲਟ ਗਈ ਸੀ ਤੇ ਬੱਸ 'ਚ ਸਵਾਰ 2 ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ | ਜਾਣਕਾਰੀ ਮੁਤਾਬਿਕ ਲੰਘੀ ਰਾਤ ਇਕ ਟਰੱਕ ਪਟਿਆਲਾ ਤੋਂ ਜ਼ੀਰਕਪੁਰ ਵੱਲ ਆ ਰਿਹਾ ਸੀ ਜਦਕਿ ਦੂਜਾ ਟਰੱਕ ਅੰਬਾਲਾ ਤੋਂ ਮੁਹਾਲੀ ਵੱਲ ਜਾ ਰਿਹਾ ਸੀ | ਜਿਵੇਂ ਹੀ ਦੋਵੇਂ ਟਰੱਕ ਛੱਤ ਲਾਈਟ ਪੁਆਇੰਟ 'ਤੇ ਪਹੁੰਚੇ ਤਾਂ ਹਨ੍ਹੇਰੇ ਕਾਰਨ ਦੋਵਾਂ ਦੀ ਟੱਕਰ ਹੋ ਗਈ | ਇਸੇ ਦੌਰਾਨ ਪਿੱਛੋਂ ਆ ਰਹੀ ਇਕ ਕਾਰ ਵੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਟਰੱਕ ਨਾਲ ਜਾ ਟਕਰਾਈ | ਹਾਦਸੇ ਤੋਂ ਬਾਅਦ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ | ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ | ਦੱਸਣਯੋਗ ਹੈ ਕਿ ਬੁੱਧਵਾਰ ਰਾਤ ਨੂੰ ਵੀ ਇਸੇ ਜਗ੍ਹਾ ਕਾਗਜ਼ਾਂ ਨਾਲ ਭਰਿਆ ਇਕ ਟਰੱਕ ਪਲਟ ਗਿਆ ਸੀ | ਉਸ ਵੇਲੇ ਵੀ ਚਾਲਕ ਨੇ ਹਾਦਸੇ ਦਾ ਮੁੱਖ ਕਾਰਨ ਸੜਕ 'ਤੇ ਲਗਾਈਆਂ ਗਈਆਂ ਲਾਈਟਾਂ ਦਾ ਬੰਦ ਹੋਣਾ ਦੱਸਿਆ ਸੀ ਪਰ ਪ੍ਰਸ਼ਾਸਨ ਵਲੋਂ ਕੋਈ ਸੁਧਾਰ ਨਾ ਕੀਤੇ ਜਾਣ ਕਰਕੇ ਅਗਲੀ ਹੀ ਰਾਤ ਫ਼ਿਰ ਵੱਡਾ ਹਾਦਸਾ ਵਾਪਰ ਗਿਆ | ਇਥੇ ਵਾਪਰਦੇ ਹਾਦਸਿਆਂ ਨੂੰ ਲੈ ਕੇ ਰਾਹਗੀਰਾਂ ਨੇ ਪ੍ਰਸ਼ਾਸਨਿਕ ਢਿੱਲ-ਮੱਠ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਚੌਰਾਹੇ 'ਤੇ ਲੱਗੇ ਟ੍ਰੈਫ਼ਿਕ ਸਿਗਨਲ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਤੇ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਰਾਤ ਵੇਲੇ ਘੁੱਪ ਹਨ੍ਹੇਰਾ ਛਾ ਜਾਂਦਾ ਹੈ | ਲਾਈਟਾਂ ਨਾ ਹੋਣ ਕਰਕੇ ਵਾਹਨਾਂ ਦੀ ਤੇਜ਼ ਰਫ਼ਤਾਰ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ ਜਿਸ ਕਾਰਨ ਇਹ ਚੌਰਾਹਾ ਹੁਣ 'ਬਲੈਕ ਸਪਾਟ' ਬਣਦਾ ਜਾ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਹਾਦਸਿਆਂ ਨੂੰ ਰੋਕਣ ਲਈ ਇਥੇ ਤੁਰੰਤ ਰੌਸ਼ਨੀ ਅਤੇ ਸਿੰਗਨਲ ਵਿਵਸਥਾ ਦਰੁਸਤ ਕੀਤੀ ਜਾਵੇ |