ਖਰੜ, 5 ਜੂਨ (ਜੰਡਪੁਰੀ)- ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸੰਸਦੀ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਵਲੋਂ ਮਿਲਕ ਪਲਾਂਟਾਂ ਅਤੇ ਖੇਤੀ ਸੈਕਟਰ ਨੂੰ ਲੈ ਕੇ ਜੋ ਦੇਸ਼ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ, ਉਸ ਦੇ ਭਵਿੱਖ 'ਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ | ਇਹ ਪ੍ਰਗਟਾਵਾ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵਲੋਂ ਜਾਇਜ਼ਾ ਲੈਣ ਉਪਰੰਤ ਕਿਸਾਨੀ ਅਤੇ ਡੇਅਰੀ ਉਤਪਾਦਕਾਂ ਬਾਰੇ ਸਿਫ਼ਾਰਸ਼ਾਂ ਕੀਤੀਆਂ ਜਾਣਗੀਆਂ, ਜਿਸ ਨਾਲ ਪੰਜਾਬ ਦੇ ਕਿਸਾਨਾਂ ਅਤੇ ਡੇਅਰੀ ਉਤਪਾਦਕਾਂ ਨੂੰ ਕਾਫ਼ੀ ਲਾਭ ਮਿਲੇਗਾ | ਉਨ੍ਹਾਂ ਕਿਹਾ ਕਿ ਜਦੋਂ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਬਰਨਾਲਾ ਸਾਈਡ ਨਰਮੇ ਦੀ ਫ਼ਸਲ ਦਾ ਜੋ ਨੁਕਸਾਨ ਹੋਇਆ ਸੀ, ਉਸ ਸੰਬੰਧੀ ਦਿਲ ਖੋਲ੍ਹ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਸੀ, ਜਿਸ ਦਾ ਅੱਜ ਤੱਕ ਰਿਕਾਰਡ ਕਾਇਮ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਕਿਸਾਨਾਂ ਲਈ ਹੋਰ ਲਾਹੇਵੰਦ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ | ਇਸ ਮੌਕੇ ਰਣਜੀਤ ਸਿੰਘ ਪੜੌਲ ਡਾਇਰੈਕਟਰ ਮਿਲਕਫੈੱਡ, ਬੰਤ ਸਿੰਘ ਕਲੇਰਾਂ ਡਾਇਰੈਕਟਰ ਵੇਰਕਾ ਤੇ ਗੁਰਮੀਤ ਸਿੰਘ ਮੀਆਂਪੁਰ ਚੰਗਰ ਡਾਇਰੈਕਟਰ ਵੇਰਕਾ ਸਮੇਤ ਹੋਰ ਸੀਨੀਅਰ ਆਗੂ ਵੀ ਹਾਜ਼ਰ ਸਨ |