ਜ਼ੀਰਕਪੁਰ, 5 ਜੂਨ (ਮਨਿੰਦਰ ਸਿੰਘ)- 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਗਰੀਨ ਪਲੈਨੇਟ ਸੁਸਾਇਟੀ ਵਲੋਂ ਗਾਜ਼ੀਪੁਰ ਅਰਬਨ ਫੋਰੈਸਟ (ਜ਼ੀਰਕਪੁਰ) ਵਿਖੇ ਬੂਟੇ ਲਗਾਉਣ ਸੰਬੰਧੀ ਇਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਤੇ ਪੰਜਾਬ ਸਰਕਾਰ ਦੇ ਪੀ. ਐੱਮ. ਡੀ. ਸੀ. ਦੇ ਟਾਊਨ ਪਲਾਨਰ ਮਾਨਵ ਜੈਨ ਨੇ ਆਪਣੀ ਟੀਮ ਸਮੇਤ ਹਾਜ਼ਰੀ ਲੁਆਈ | ਉਨ੍ਹਾਂ ਅਰਬਨ ਫੋਰੈਸਟ ਦਾ ਦੌਰਾ ਕਰਦਿਆਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ | ਇਸ ਮੌਕੇ ਅਧਿਕਾਰੀਆਂ ਵਲੋਂ ਗਰੀਨ ਪਲੈਨੇਟ ਸੁਸਾਇਟੀ ਵਲੋਂ ਅਰਬਨ ਫੋਰੈਸਟ ਦੇ ਵਿਕਾਸ ਤੇ ਹਰਿਆਲੀ ਵਧਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ ਗਈ | ਇਸ ਮੌਕੇ ਗਰੀਨ ਪਲੈਨੇਟ ਸੁਸਾਇਟੀ ਦੇ ਪ੍ਰਧਾਨ ਸੁਮਿਤ ਭਾਰਦਵਾਜ ਨੇ ਕਿਹਾ ਕਿ ਤੇਜ਼ੀ ਨਾਲ ਹੋ ਰਹੇ ਸ਼ਹਿਰੀਕਰਨ ਦੇ ਦੌਰ 'ਚ ਅਰਬਨ ਫੋਰੈਸਟ ਵਾਤਾਵਰਨ ਸੁਰੱਖਿਆ, ਜੈਵਿਕ ਵਿਭਿੰਨਤਾ ਦੇ ਵਿਕਾਸ ਤੇ ਸਾਫ਼-ਸੁਥਰੇ ਵਾਤਾਵਰਨ ਲਈ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਦੱਸਿਆ ਕਿ ਸੁਸਾਇਟੀ ਗਾਜ਼ੀਪੁਰ ਅਰਬਨ ਫੋਰੈਸਟ ਨੂੰ ਹਰਿਆ-ਭਰਿਆ ਖੇਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ | ਇਸ ਮੌਕੇ ਸੁਸਾਇਟੀ ਦੇ ਸਕੱਤਰ ਕੇ.ਕੇ. ਸੋਨੀ, ਸਵੱਛ ਭਾਰਤ ਅਭਿਆਨ ਜ਼ੀਰਕਪੁਰ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ, ਨਗਰ ਕੌਂਸਲ ਦੇ ਅਧਿਕਾਰੀ, ਸੁਸਾਇਟੀ ਦੇ ਮੈਂਬਰ ਤੇ ਵਲੰਟੀਅਰਾਂ ਵੀ ਹਾਜ਼ਰ ਸਨ | ਪ੍ਰੋਗਰਾਮ ਦੇ ਅੰਤ 'ਚ ਹਾਜ਼ਰ ਪਤਵੰਤਿਆਂ ਨੇ ਵਾਤਾਵਰਨ ਦੀ ਸੁਰੱਖਿਆ, ਵੱਧ ਤੋਂ ਵੱਧ ਬੂਟੇ ਲਗਾਉਣ ਤੇ ਹਰਿਆ-ਭਰਿਆ ਭਵਿੱਖ ਸਿਰਜਣ ਦਾ ਅਹਿਦ ਲਿਆ |