ਚੰਡੀਗੜ੍ਹ, 7 ਜੂਨ (ਰਾਮ ਸਿੰਘ ਬਰਾੜ)- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਏ.ਆਈ. ਟੈਕਨਾਲੋਜੀ ਪਲੇਟਫਾਰਮ ਸ਼ਾਸਨ, ਵਿਕਾਸ ਤੇ ਨਵੀਨਤਾ ਦੀ ਯਾਤਰਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗਾ | ਏ.ਆਈ ਸੈਂਡਬਾਕਸ ਦੇ ਮਾਧਿਅਮ ਰਾਹੀਂ ਅੰਤੋਦਿਆ ਦੇ ਕਲਿਆਣ ਦੀ ਦਿਸ਼ਾ ਵਿਚ ਹਰਿਆਣਾ ਪ੍ਰਦੇਸ਼ ਹੋਰ ਤੇਜ਼ ਗਤੀ ਨਾਲ ਅੱਗੇ ਵਧੇਗਾ | ਮੁੱਖ ਮੰਤਰੀ ਸ੍ਰੀ ਸੈਣੀ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਆਧੁਨਿਕ ਤਕਨੀਕ 'ਤੇ ਕੇਂਦਰਿਤ ਏ.ਆਈ. ਸੈਂਡਬਾਕਸ ਦੇ ਉਦਘਾਟਨ ਤੋਂ ਬਾਅਦ ਉੱਥੇ ਮੌਜੂਦ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ | ਮੁੱਖ ਮੰਤਰੀ ਨੇ ਕਿਹਾ ਕਿ ਏ.ਆਈ. ਸੁਸ਼ਾਸਨ ਤੇ ਏ.ਆਈ. ਅੰਤੋਦਿਆ ਦੇ ਨਾਲ ਏ.ਆਈ. ਹਰਿਆਣਾ ਦੀ ਇਸ ਯਾਤਰਾ ਵਿਚ ਭਾਗੀਦਾਰ ਬਣਦੇ ਹੋਏ ਸਾਰਿਆਂ ਨੇ ਮਿਲ ਕੇ ਆਧੁਨਿਕ ਸਰੂਪ ਦੇ ਨਾਲ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਏ.ਆਈ. ਸੈਂਡਬਾਕਸ ਦਾ ਨਿਰਮਾਣ ਵੀ ਇਸੇ ਸੋਚ ਅਤੇ ਦਿ੍ਸ਼ਟੀਕੋਣ ਨਾਲ ਕੀਤਾ ਗਿਆ ਹੈ | ਇਸ ਮੰਚ 'ਤੇ ਵੱਖ-ਵੱਖ ਵਿਭਾਗ ਆਪਣੀਆਂ ਅਸਲ ਚੁਣੌਤੀਆਂ ਤੇ ਸਮੱਸਿਆਵਾਂ ਨੂੰ ਲੈ ਕੇ ਆਉਣਗੇ, ਜਦੋਂ ਕਿ ਨਵੀਨਤਾਕਾਰੀ ਉਦਮੀ, ਖੋਜਕਰਤਾ (ਰਿਸਰਚਰ), ਤਕਨਾਲੋਜੀ ਮਾਹਰ ਤੇ ਤਕਨੀਕੀ ਕੰਪਨੀਆਂ ਉਨ੍ਹਾਂ ਦੇ ਹੱਲ ਪੇਸ਼ ਕਰਨਗੀਆਂ | ਇਨ੍ਹਾਂ ਹੱਲਾਂ ਦੀ ਇਕ ਸੁਰੱਖਿਅਤ ਤੇ ਨਿਯੰਤਰਿਤ ਵਾਤਾਵਰਨ ਵਿਚ ਪਰਖ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਅਤੇ ਉਪਯੋਗਤਾ ਦਾ ਸਹੀ ਮੁਲਾਂਕਣ ਕੀਤਾ ਜਾ ਸਕੇ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 'ਵਿਕਸਿਤ ਭਾਰਤ-2047' ਦੇ ਸੰਕਲਪ ਨੂੰ ਸਾਕਾਰ ਕਰਨ ਦੀ ਯਾਤਰਾ ਵਿਚ ਹਰਿਆਣਾ ਇੱਕ ਮਜ਼ਬੂਤ ਅਤੇ ਅਣਥੱਕ ਵਿਕਾਸ ਇੰਜਣ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਮੁੱਖ ਮੰਤਰੀ ਨੇ ਕਿਹਾ ਕਿ ਏ.ਆਈ ਤਕਨੀਕ ਦਾ ਉਦੇਸ਼ ਆਮ ਨਾਗਰਿਕਾਂ ਦੇ ਜੀਵਨ ਨੂੰ ਸਰਲ ਅਤੇ ਸੁਵਿਧਾਜਨਕ ਬਣਾਉਣਾ ਹੈ | ਉਨ੍ਹਾਂ ਨੇ ਕਿਹਾ ਕਿ 'ਮਹਾਰੀ ਸੜਕ' ਐਪ ਰਾਹੀਂ ਜੇਕਰ ਤਸਵੀਰ ਤੇ ਲੋਕੇਸ਼ਨ (ਸਥਾਨ) ਦੀ ਜਾਣਕਾਰੀ ਦੇ ਅਧਾਰ 'ਤੇ ਟੁੱਟੀਆਂ ਸੜਕਾਂ ਦੀ ਪਛਾਣ ਹੋ ਜਾਵੇ ਤਾਂ ਮੁਰੰਮਤ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਸਕੇਗਾ | ਪ੍ਰੋਗਰਾਮ ਵਿਚ ਵਰਲਡ ਬੈਂਕ ਇੰਡੀਆ ਦੇ ਐਕਟਿੰਗ ਕੰਟਰੀ ਡਾਇਰੈਕਟਰ ਪਾਲ ਪ੍ਰੋਸੀ ਨੇ ਕਿਹਾ ਕਿ ਭਾਰਤ ਵਿਚ ਵਰਲਡ ਬੈਂਕ ਦੇ ਮਾਧਿਅਮ ਰਾਹੀਂ ਹਰਿਆਣਾ ਸਰਕਾਰ ਲਈ ਏ.ਆਈ ਸਕਿੱਲਜ਼ ਨੂੰ ਇੰਪਰੂਵ (ਬਿਹਤਰ) ਕਰਨ ਵਿਚ ਪੂਰੀ ਮਦਦ ਕੀਤੀ ਜਾਵੇਗੀ | ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕਾਰਜਸ਼ੈਲੀ ਤੇ ਮੁਸਤੈਦੀ ਦੀ ਸ਼ਲਾਘਾ ਕੀਤੀ | ਏ.ਆਈ ਸੈਂਡਬਾਕਸ ਦੇ ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡਿਜੀਟਲ ਨਵੀਨਤਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਗੂਗਲ ਦੇ ਸੰਜੇ ਧੀਮਾਨ, ਐਮਾਜ਼ਾਨ ਵੈੱਬ ਸਰਵਿਸਿਜ਼ ਦੇ ਮਯੰਕ ਅਰੋੜਾ ਤੇ ਮਾਈਕ੍ਰੋਸਾਫਟ ਦੀ ਸਪਨਾ ਨਾਹਰੀਆ ਨੂੰ ਸਨਮਾਨਿਤ ਕੀਤਾ | ਇਸ ਮੌਕੇ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਹਾਰਟਰੋਨ ਦੇ ਪ੍ਰਬੰਧ ਨਿਰਦੇਸ਼ਕ ਡਾ. ਜੇ. ਗਣੇਸ਼ਨ, ਓ.ਐਸ.ਡੀ. ਰਾਜ ਨਹਿਰੂ ਅਤੇ ਵਿਵੇਕ ਕਾਲੀਆ ਮੌਜ਼ੂਦ ਸਨ |