02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

15 ਜੂਨ ਤੋਂ ਘਰ-ਘਰ ਪਹੁੰਚਣਗੇ ਬੀ.ਐਲ.ਓ., ਵੋਟਰ ਸੂਚੀ ਦੀ ਵਿਸ਼ੇਸ਼ ਪੁਨਰ-ਸਮੀਖਿਆ ਮੁਹਿੰਮ ਸ਼ੁਰੂ

Ad Position 21
No active advertisement
ਅਜੀਤ ਡੈਸਕ 12-06-2026
ਚੰਡੀਗੜ੍ਹ, 11 ਜੂਨ (ਸੰਦੀਪ ਕੁਮਾਰ ਮਾਹਨਾ)-ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੰਡੀਗੜ੍ਹ ਵਿਚ ਫ਼ੋਟੋ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਪੁਨਰ-ਸਮੀਖਿਆ (ਐੱਸ.ਆਈ.ਆਰ.) ਤਹਿਤ ਗਿਣਤੀਕਰਨ ਪੜਾਅ 15 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ਦੌਰਾਨ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਘਰ-ਘਰ ਜਾ ਕੇ ਵੋਟਰਾਂ ਨੂੰ ਗਿਣਤੀਕਰਨ ਫ਼ਾਰਮ ਵੰਡਣ ਤੇ ਇਕੱਤਰ ਕਰਨਗੇ | ਯੂ.ਟੀ. ਚੰਡੀਗੜ੍ਹ ਦੀ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਦੱਸਿਆ ਕਿ ਸ਼ਹਿਰ ਦੇ 5,16,427 ਵੋਟਰਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਇਹ ਪ੍ਰਕਿਰਿਆ 14 ਜੁਲਾਈ ਤੱਕ ਜਾਰੀ ਰਹੇਗੀ | ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੇਰਣਾ ਪੁਰੀ ਨੇ ਦੱਸਿਆ ਕਿ ਗਿਣਤੀਕਰਨ ਲਈ ਲੋੜੀਂਦੇ ਸਾਰੇ ਫ਼ਾਰਮ ਡਾਊਨਲੋਡ ਕਰ ਕੇ ਪਿ੍ੰਟ ਕਰ ਲਏ ਗਏ ਹਨ ਤੇ ਵੰਡ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ, ਬੀ.ਐਲ.ਓ., ਬੂਥ ਲੈਵਲ ਏਜੰਟਾਂ ਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਇਸ ਸਬੰਧੀ ਸਿਖਲਾਈ ਵੀ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਹਰੇਕ ਵੋਟਰ ਨੂੰ ਗਿਣਤੀਕਰਨ ਫ਼ਾਰਮ ਦੀਆਂ ਦੋ ਕਾਪੀਆਂ ਦਿੱਤੀਆਂ ਜਾਣਗੀਆਂ ਤੇ ਲੋੜ ਪੈਣ 'ਤੇ ਫਾਰਮ ਭਰਨ 'ਚ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ | ਜੇਕਰ ਕਿਸੇ ਘਰ ਨੂੰ ਤਾਲਾ ਲੱਗਿਆ ਮਿਲਦਾ ਹੈ ਤਾਂ ਬੀ.ਐਲ.ਓ. ਫਾਰਮ ਉੱਥੇ ਛੱਡ ਕੇ ਜਾਣਗੇ ਤੇ ਬਾਅਦ ਵਿਚ ਵੱਖ-ਵੱਖ ਤਰੀਕਾਂ 'ਤੇ ਘੱਟੋ-ਘੱਟ ਤਿੰਨ ਵਾਰ ਮੁੜ ਦੌਰਾ ਕਰਕੇ ਫਾਰਮ ਇਕੱਤਰ ਕਰਨ ਦੀ ਕੋਸ਼ਿਸ਼ ਕਰਨਗੇ | ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਰ ਭਰੇ ਹੋਏ ਫ਼ਾਰਮ ਆਪਣੇ ਸਬੰਧਿਤ ਬੀ.ਐਲ.ਓ. ਨੂੰ ਦੇਣ ਦੇ ਨਾਲ-ਨਾਲ ਈ.ਸੀ.ਆਈ. ਨੈੱਟ ਮੋਬਾਈਲ ਐਪ ਅਤੇ ਵੋਟਰ ਸਰਵਿਸ ਪੋਰਟਲ ਰਾਹੀਂ ਆਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ | ਆਨਲਾਈਨ ਪ੍ਰਾਪਤ ਫ਼ਾਰਮਾਂ ਦੀ ਤਸਦੀਕ ਸਬੰਧਿਤ ਬੀ.ਐਲ.ਓ. ਵਲੋਂ ਕੀਤੀ ਜਾਵੇਗੀ | ਵੋਟਰਾਂ ਨੂੰ 2002-03 ਵਿਚ ਹੋਈ ਵਿਸ਼ੇਸ਼ ਗਹਿਨ ਪੁਨਰ-ਸਮੀਖਿਆ ਨਾਲ ਸਬੰਧਿਤ ਮੈਪਿੰਗ ਵੇਰਵੇ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ | ਜੇਕਰ ਇਹ ਵੇਰਵੇ ਉਪਲਬਧ ਨਾ ਹੋਣ ਤਾਂ ਵੋਟਰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ/ਨਾਨਾ-ਨਾਨੀ ਨਾਲ ਸਬੰਧਿਤ ਜਾਣਕਾਰੀ ਦੇ ਸਕਦੇ ਹਨ, ਜੋ 2002-03 ਜਾਂ ਹਾਲ ਹੀ ਵਿਚ 12 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੀਤੀ ਗਈ ਐੱਸ.ਆਈ.ਆਰ. ਦੌਰਾਨ ਦਰਜ ਕੀਤੀ ਗਈ ਹੋਵੇ | ਇਹ ਵੇਰਵੇ ਮੁੱਖ ਚੋਣ ਅਧਿਕਾਰੀ ਚੰਡੀਗੜ੍ਹ ਦੀ ਵੈੱਬਸਾਈਟ, ਈ.ਸੀ.ਆਈ.ਨੈੱਟ ਐਪ ਜਾਂ ਵੋਟਰ ਸਰਵਿਸ ਪੋਰਟਲ ਰਾਹੀਂ ਖੋਜੇ ਜਾ ਸਕਦੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੋਟਰ ਕੋਲ ਮੈਪਿੰਗ ਵੇਰਵੇ ਉਪਲਬਧ ਨਹੀਂ ਹਨ ਤਾਂ ਵੀ ਉਸ ਦਾ ਗਿਣਤੀਕਰਨ ਫਾਰਮ ਸਵੀਕਾਰ ਕੀਤਾ ਜਾਵੇਗਾ ਤੇ ਉਸ ਦਾ ਨਾਮ ਖਰੜਾ ਵੋਟਰ ਸੂਚੀ ਵਿਚ ਸ਼ਾਮਲ ਰਹੇਗਾ | ਜਿਨ੍ਹਾਂ ਯੋਗ ਨਿਵਾਸੀਆਂ ਦੇ ਨਾਮ ਅਜੇ ਤੱਕ ਵੋਟਰ ਸੂਚੀ ਵਿਚ ਦਰਜ ਨਹੀਂ ਹਨ, ਉਹ ਨਿਰਧਾਰਿਤ ਘੋਸ਼ਣਾ ਪੱਤਰ ਸਮੇਤ ਫਾਰਮ-6 ਜਮਾਂ ਕਰਵਾ ਸਕਦੇ ਹਨ | ਅਜਿਹੀਆਂ ਅਰਜ਼ੀਆਂ 'ਤੇ ਖਰੜਾ ਵੋਟਰ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਵਿਚਾਰ ਕੀਤਾ ਜਾਵੇਗਾ | ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਬੂਥ ਲੈਵਲ ਏਜੰਟਾਂ ਨੂੰ ਵੀ ਇਸ ਮੁਹਿੰਮ 'ਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੋਟਰਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਵਿਚ ਸਹਿਯੋਗ ਦੇਣ ਅਤੇ ਅਜਿਹੇ ਯੋਗ ਨਾਗਰਿਕਾਂ, ਮਿ੍ਤਕ, ਸਥਾਨਾਂਤਰਿਤ ਜਾਂ ਦੁਹਰਾਏ ਹੋਏ ਵੋਟਰਾਂ ਸਬੰਧੀ ਜਾਣਕਾਰੀ ਚੋਣ ਵਿਭਾਗ ਨਾਲ ਸਾਂਝੀ ਕਰਨ | ਉਨ੍ਹਾਂ ਸਮੂਹ ਵੋਟਰਾਂ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਸ ਅਭਿਆਨ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਇੱਕ ਸੰਪੂਰਨ, ਸਹੀ ਤੇ ਗਲਤੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ | ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਚੰਡੀਗੜ੍ਹ ਨਿਸ਼ਾਂਤ ਕੁਮਾਰ ਯਾਦਵ, ਚੋਣ ਰਜਿਸਟ੍ਰੇਸ਼ਨ ਅਧਿਕਾਰੀ ਅਮਨਦੀਪ ਸਿੰਘ ਭੱਟੀ, ਸੰਯੁਕਤ ਮੁੱਖ ਚੋਣ ਅਧਿਕਾਰੀ ਸੌਰਭ ਕੁਮਾਰ ਅਰੋੜਾ, ਨੋਡਲ ਅਧਿਕਾਰੀ (ਸਵੀਪ) ਨਵੀਨ ਅਤੇ ਨੋਡਲ ਅਧਿਕਾਰੀ (ਮੀਡੀਆ ਤੇ ਸੋਸ਼ਲ ਮੀਡੀਆ) ਰਾਜੀਵ ਤਿਵਾੜੀ ਵੀ ਹਾਜ਼ਰ ਸਨ | ਚੋਣ ਵਿਭਾਗ ਨੇ ਦੱਸਿਆ ਕਿ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਵੋਟਰ ਆਪਣੇ ਸਬੰਧਿਤ ਬੀ.ਐਲ.ਓ. ਨਾਲ ਸੰਪਰਕ ਕਰ ਸਕਦੇ ਹਨ, ਈ.ਸੀ.ਆਈ.ਨੈੱਟ ਦੀ 'ਬੁੱਕ ਏ ਕਾਲ' ਸਹੂਲਤ ਦੀ ਵਰਤੋਂ ਕਰ ਸਕਦੇ ਹਨ ਜਾਂ ਵੋਟਰ ਹੈਲਪਲਾਈਨ 1950 'ਤੇ ਸੰਪਰਕ ਕਰ ਸਕਦੇ ਹਨ | ਪੁਨਰ-ਸਮੀਖਿਆ ਦੌਰਾਨ ਹੈਲਪਲਾਈਨ 24 ਘੰਟੇ ਕਾਰਜਸ਼ੀਲ ਰਹੇਗੀ ਤੇ ਨਾਗਰਿਕਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ 'ਤੇ ਹੈਲਪ ਡੈਸਕ ਵੀ ਸਥਾਪਿਤ ਕੀਤੇ ਗਏ ਹਨ |
Ad Position 22
No active advertisement
ਪਿਛਲੀ ਖ਼ਬਰ 1966 ਤੋਂ 2026 ਤੱਕ ਦਾ ਸਫ਼ਰ, ਚੰਡੀਗੜ੍ਹ ਪੁਲਿਸ ਨੇ ਮਨਾਇਆ ਡਾਇਮੰਡ ਜੁਬਲੀ ਸਮਾਰੋਹ ਅਗਲੀ ਖ਼ਬਰ ਹਾਊਸਿੰਗ ਬੋਰਡ ਅਲਾਟੀਆਂ ਦੇ ਹੱਕ 'ਚ ਡਟੇ ਗਾਬੀ, ਉਸਾਰੀਆਂ ਨੂੰ ਰੈਗੂਲਰ ਕਰਨ ਦੀ ਚੁੱਕੀ ਮੰਗ
Ad Position 24
No active advertisement