ਚੰਡੀਗੜ੍ਹ, 11 ਜੂਨ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ 60 ਸਾਲ ਪੂਰੇ ਹੋਣ ਦੇ ਮੌਕੇ 'ਤੇ ਵੀਰਵਾਰ ਨੂੰ ਡਾਇਮੰਡ ਜੁਬਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਚੰਡੀਗੜ੍ਹ ਦੇ ਡੀ. ਜੀ. ਪੀ. ਡਾ. ਸਾਗਰ ਪ੍ਰੀਤ ਹੁੱਡਾ ਨੇ ਡਾਇਮੰਡ ਜੁਬਲੀ ਲੋਗੋ ਦਾ ਉਦਘਾਟਨ ਕਰਦਿਆਂ ਕਿਹਾ ਕਿ 1966 ਤੋਂ 2026 ਤੱਕ ਦਾ ਸਫ਼ਰ ਚੰਡੀਗੜ੍ਹ ਪੁਲਿਸ ਦੀ ਪੇਸ਼ੇਵਰ ਕਾਰਗੁਜ਼ਾਰੀ, ਜਨ ਸੇਵਾ ਤੇ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਹੈ | ਸਮਾਰੋਹ ਦੌਰਾਨ ਡੀ.ਜੀ.ਪੀ. ਨੇ ਕਾਨੂੰਨ-ਵਿਵਸਥਾ, ਸਾਈਬਰ ਅਪਰਾਧ, ਗੈਂਗਸਟਰ ਗਤੀਵਿਧੀਆਂ ਅਤੇ ਟ੍ਰੈਫਿਕ ਪ੍ਰਬੰਧਨ ਸੰਬੰਧੀ ਪੁਲਿਸ ਦੀਆਂ ਪਹਿਲਾਂ ਬਾਰੇ ਜਾਣਕਾਰੀ ਦਿੱਤੀ | ਡਾਇਮੰਡ ਜੁਬਲੀ ਸਮਾਗਮ ਤਹਿਤ ਚੰਡੀਗੜ੍ਹ ਪੁਲਿਸ ਵਲੋਂ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੋਗੋ ਡਿਜ਼ਾਈਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਲਗਪਗ 450 ਵਿਦਿਆਰਥੀਆਂ ਨੇ ਭਾਗ ਲਿਆ | ਮੁਕਾਬਲੇ ਵਿਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਭੁਵਨੇਸ਼ ਸ਼ਰਮਾ ਨੇ ਪਹਿਲਾ, ਜੀ.ਐੱਮ.ਐੱਸ.ਐੱਸ.ਐੱਸ ਸੈਕਟਰ-23 ਦੀ ਵਿਦਿਆਰਥਣ ਮੀਨਾਕਸ਼ੀ ਨੇ ਦੂਜਾ ਤੇ ਜੀ.ਐੱਮ.ਐੱਸ.ਐੱਸ.ਐੱਸ ਕਰਸਾਂ ਦੇ ਵਿਦਿਆਰਥੀ ਰਕਸ਼ਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ ਡੀ. ਜੀ. ਪੀ. ਚੰਡੀਗੜ੍ਹ ਦੀ ਅਗਵਾਈ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਮੌਕੇ ਚੰਡੀਗੜ੍ਹ ਪੁਲਿਸ ਦੇ 60 ਸਾਲ ਪੂਰੇ ਹੋਣ 'ਤੇ ਇਕ ਵਿਸ਼ੇਸ਼ ਲੋਗੋ ਦੀ ਘੁੰਡ ਚੁਕਾਈ ਕੀਤੀ ਤੇ ਚੰਡੀਗੜ੍ਹ ਪੁਲਿਸ ਦੇ 60 ਸਾਲਾਂ ਦੀ ਕਾਰਗੁਜ਼ਾਰੀ ਨੂੰ ਸਮਰਪਿਤ ਇਕ ਬੁਕਲੈੱਟ ਨੂੰ ਵੀ ਜਾਰੀ ਕੀਤਾ | ਪੱਤਰਕਾਰਾਂ ਵਲੋਂ ਆਏ ਦਿਨ ਕੀਤੇ ਜਾ ਰਹੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਪੁਲਿਸ ਦੀ ਤਿਆਰੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਇੱਥੇ ਧਰਨੇ-ਪ੍ਰਦਰਸ਼ਨ ਹੁੰਦੇ ਰਹਿੰਦੇ ਹਨ | ਚੰਡੀਗੜ੍ਹ ਵਿਚ ਵੀ ਵੱਖ-ਵੱਖ ਜਥੇਬੰਦੀਆਂ ਅਤੇ ਲੋਕਾਂ ਵਲੋਂ ਪ੍ਰਦਰਸ਼ਨ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪੁਲਿਸ ਵਲੋਂ ਬਿਹਤਰ ਯੋਜਨਾਬੰਦੀ ਨਾਲ ਸੰਭਾਲਿਆ ਜਾਂਦਾ ਹੈ ਤਾਂ ਜੋ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਨਾ ਹੋਵੇ | ਇਸ ਤੋਂ ਇਲਾਵਾ ਡਾ. ਹੁੱਡਾ ਨੇ ਕਿਹਾ ਕਿ ਸਕੂਲਾਂ, ਹਾਈਕੋਰਟ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਈ-ਮੇਲ ਰਾਹੀਂ ਮਿਲ ਰਹੀਆਂ ਬੰਬ ਧਮਕੀਆਂ ਨੂੰ ਕਿਸੇ ਵੀ ਸੂਰਤ ਵਿਚ ਹਲਕੇ 'ਚ ਨਹੀਂ ਲਿਆ ਜਾ ਸਕਦਾ | ਇਸ ਸਬੰਧੀ ਇਕ ਮਿਆਰੀ ਕਾਰਜ ਪ੍ਰਣਾਲੀ (ਐੱਸ.ਓ.ਪੀ.) ਤਿਆਰ ਕੀਤੀ ਜਾ ਰਹੀ ਹੈ ਜਿਸ ਵਿਚ ਸਾਰੇ ਸੰਬੰਧਿਤ ਅਦਾਰਿਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਸਥਿਤੀਆਂ ਦਾ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕੀਤਾ ਜਾ ਸਕੇ | ਡਾਇਮੰਡ ਜੁਬਲੀ ਸਮਾਗਮ ਤਹਿਤ ਚੰਡੀਗੜ੍ਹ ਪੁਲਿਸ ਵਲੋਂ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਲਈ ਲੋਗੋ ਡਿਜ਼ਾਈਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਲਗਪਗ 450 ਵਿਦਿਆਰਥੀਆਂ ਨੇ ਭਾਗ ਲਿਆ | ਮੁਕਾਬਲੇ ਵਿਚ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਭੁਵਨੇਸ਼ ਸ਼ਰਮਾ ਨੇ ਪਹਿਲਾ, ਜੀ. ਐੱਮ. ਐੱਸ. ਐੱਸ. ਐੱਸ ਸੈਕਟਰ-23 ਦੀ ਵਿਦਿਆਰਥਣ ਮੀਨਾਕਸ਼ੀ ਨੇ ਦੂਜਾ ਅਤੇ ਜੀ. ਐੱਮ. ਐੱਸ. ਐੱਸ. ਐੱਸ ਕਰਸਾਂ ਦੇ ਵਿਦਿਆਰਥੀ ਰਕਸ਼ਿਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ | ਗੈਂਗਸਟਰ ਗਤੀਵਿਧੀਆਂ ਬਾਰੇ ਗੱਲ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਕਈ ਵਾਰ ਗੈਂਗਸਟਰ ਅਤੇ ਉਨ੍ਹਾਂ ਦੇ ਸਾਥੀ ਚੰਡੀਗੜ੍ਹ ਵਿਚ ਲੁਕ ਕੇ ਰਹਿਣ ਦੀ ਕੋਸ਼ਿਸ਼ ਕਰਦੇ ਹਨ | ਅਜਿਹੇ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਵੈਰੀਫਿਕੇਸ਼ਨ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤੇ ਹੁਣ ਇਸ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਤੇ ਜ਼ਿੰਮੇਵਾਰੀ ਨਾਲ ਲਾਗੂ ਕੀਤਾ ਜਾਵੇਗਾ | ਸਾਈਬਰ ਅਪਰਾਧਾਂ ਬਾਰੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਅਪਰਾਧਾਂ ਵਿਚ ਵਾਧਾ ਹੋ ਸਕਦਾ ਹੈ ਜਿਸ ਕਾਰਨ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ | ਪੁਲਿਸ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ | ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਵੀ ਸੱਦਾ ਦਿੱਤਾ | ਸਮਾਰੋਹ ਮੌਕੇ ਡੀ. ਜੀ. ਪੀ. ਡਾ. ਸਾਗਰਪ੍ਰੀਤ ਹੁੱਡਾ ਦੀ ਪ੍ਰਧਾਨਗੀ ਹੇਠ ਆਈ.ਜੀ. ਪੁਸ਼ਪੇਂਦਰ ਕੁਮਾਰ, ਐੱਸ.ਐੱਸ.ਪੀ. ਟ੍ਰੈਫਿਕ ਸੁਮੇਰਪ੍ਰਤਾਪ ਸਿੰਘ, ਐੱਸ.ਪੀ. ਮਨਜੀਤ ਸ਼ਿਓਕੰਦ ਸਮੇਤ ਹੋਰ ਪੁਲਿਸ ਅਧਿਕਾਰੀ ਤੇ ਚੰਡੀਗੜ੍ਹ ਦੇ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਰਹੇ |