2047 ਤੱਕ ਦੇਸ਼ ਦੀ ਅਰਥਵਿਵਸਥਾ 'ਚ 1 ਟਿ੍ਲੀਅਨ ਡਾਲਰ ਦਾ ਯੋਗਦਾਨ ਪਾਉਣਾ ਸਾਡਾ ਟੀਚਾ-ਨਾਇਬ ਸਿੰਘ ਸੈਣੀ
ਅਜੀਤ ਡੈਸਕ
12-06-2026
ਹਰਿਆਣਾ ਨੇ ਰਾਸ਼ਟਰੀ ਸਿੱਖਿਆ ਨੀਤੀ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਸਿਤ ਮਨੁੱਖੀ ਪੂੰਜੀ ਦੇ ਨਿਰਮਾਣ ਦੀ ਨੀਂਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2020 ਵਿਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨਾਲ ਰੱਖ ਦਿੱਤੀ ਸੀ | ਅਸੀਂ ਇਸ ਨੀਤੀ ਨੂੰ ਸਭ ਤੋਂ ਪਹਿਲਾਂ ਲਾਗੂ ਕੀਤਾ ਹੈ | ਅਸੀਂ ਸਕੂਲਾਂ ਵਿਚ ਬੱਚਿਆਂ ਦੇ ਦਾਖ਼ਲੇ ਤੇ ਮੁੱਢਲੀ ਸਿੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਲਈ ਰਾਜ ਵਿਚ 17 ਹਜ਼ਾਰ 859 'ਸਕੂਲ ਰੈਡੀਨੈਸ ਮੇਲੇ' ਲਗਾਏ | ਇਨ੍ਹਾਂ ਵਿਚ ਦੋ ਲੱਖ ਬੱਚਿਆਂ ਤੇ ਢਾਈ ਲੱਖ ਮਾਪਿਆਂ ਨੇ ਭਾਗ ਲਿਆ | ਸਾਲ 2018 ਤੋਂ ਸ਼ੁਰੂ ਕੀਤੀ ਗਈ 'ਸੁਪਰ-100' ਯੋਜਨਾ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਪ੍ਰਤਿਸ਼ਠਾਨ ਸੰਸਥਾਵਾਂ ਤੱਕ ਪਹੁੰਚਾਉਣ ਵਿਚ ਸ਼ਾਨਦਾਰ ਸਫਲਤਾ ਹਾਸਲ ਕਰ ਰਹੀ ਹੈ | ਪਿਛਲੇ 5 ਸਾਲਾਂ ਵਿਚ ਇਸ ਯੋਜਨਾ ਤਹਿਤ 267 ਵਿਦਿਆਰਥੀਆਂ ਨੇ ਆਈ.ਟੀ.ਆਈ, ਐਨ.ਆਈ.ਟੀ ਤੇ ਮੈਡੀਕਲ ਕਾਲਜਾਂ 'ਚ ਦਾਖਲਾ ਲਿਆ ਹੈ | ਸਰਕਾਰੀ ਸਕੂਲਾਂ ਵਿਚ ਗੁਣਵੱਤਾਪੂਰਣ ਸਿੱਖਿਆ ਯਕੀਨੀ ਬਣਾਉਣ ਲਈ 250 ਪੀ.ਐਮ.ਸ਼੍ਰੀ ਸਕੂਲ ਤੇ 218 ਮਾਡਲ ਸੰਸਕਿ੍ਤੀ ਸੀਨੀਅਰ ਸੈਕੰਡਰੀ ਸਕੂਲ ਖੋਲ੍ਹੇ ਜਾ ਚੁੱਕੇ ਹਨ | ਹਰਿਆਣਾ ਦੇ ਉੱਚ ਸਿੱਖਿਆ ਸੰਸਥਾਵਾਂ ਵਿਚ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਅਸੀਂ 'ਨੀਂਵ' ਪੋਰਟਲ ਲਾਂਚ ਕੀਤਾ ਹੈ | ਇਸ ਨਾਲ ਸੂਬੇ ਦੇ ਸਾਰੇ 187 ਕਾਲਜ ਅਤੇ 47 ਯੂਨੀਵਰਸਿਟੀਆਂ ਨੂੰ ਜੋੜਿਆ ਗਿਆ ਹੈ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਨੂੰ ਲਾਗੂ ਕਰਨ ਵਿਚ ਹਰਿਆਣਾ ਮੋਹਰੀ ਹੈ | ਪ੍ਰਤੀ ਲੱਖ ਆਬਾਦੀ ਪਿੱਛੇ ਸਾਡੇ 1 ਹਜ਼ਾਰ 520 ਨੌਜਵਾਨ ਅਪ੍ਰੈਂਟਿਸਸ਼ਿਪ ਕਰ ਰਹੇ ਹਨ | ਇਹ ਗਿਣਤੀ ਦੇਸ਼ ਵਿਚ ਸਭ ਤੋਂ ਵੱਧ ਹੈ | ਇਸ ਪ੍ਰਾਪਤੀ ਲਈ ਹਰਿਆਣਾ ਨੂੰ 'ਚੈਂਪੀਅਨ ਆਫ਼ ਚੇਂਜ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਖੇਡਾਂ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ | ਅਸੀਂ ਤੁਹਾਡੇ 'ਖੇਲੋ ਇੰਡੀਆ' ਵਿਜ਼ਨ ਤੋਂ ਪ੍ਰੇਰਨਾ ਲੈਂਦੇ ਹੋਏ ਖੇਡਾਂ ਨੂੰ ਜਨ-ਅੰਦੋਲਨ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ | ਇਹ ਮਾਣ ਵਾਲੀ ਗੱਲ ਹੈ ਕਿ ਏਸ਼ੀਅਨ ਗੇਮਜ਼-2026 ਲਈ ਚੁਣੀ ਗਈ ਭਾਰਤੀ ਕੁਸ਼ਤੀ ਟੀਮ ਦੇ ਸਾਰੇ 18 ਖਿਡਾਰੀ ਹਰਿਆਣਾ ਦੇ ਹਨ | ਅਸੀਂ ਅਜਿਹੇ ਖਿਡਾਰੀਆਂ ਨੂੰ ਬਚਪਨ ਤੋਂ ਹੀ ਤਿਆਰ ਕਰਨ ਦੀ ਨੀਤੀ ਬਣਾਈ ਹੈ | ਅਸੀਂ ਮਿਸ਼ਨ ਓਲੰਪਿਕ-2036 ਲਈ ਪੂਰੀ ਤਿਆਰੀ ਕਰ ਰਹੇ ਹਾਂ | ਇਸ ਦਿਸ਼ਾ ਵਿਚ 'ਮਿਸ਼ਨ ਓਲੰਪਿਕ-2036 ਵਿਜਈ ਭਵ' ਯੋਜਨਾ ਤਿਆਰ ਕੀਤੀ ਗਈ ਹੈ |