ਐੱਸ. ਏ. ਐੱਸ. ਨਗਰ, 11 ਜੂਨ (ਪ੍ਰੋ. ਅਵਤਾਰ ਸਿੰਘ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2012 ਤਹਿਤ ਕਾਰਵਾਈ ਕਰਦਿਆਂ ਮੋਹਾਲੀ ਸਥਿਤ ਸਟ੍ਰੈਟੇਜਿਕ ਇੰਮੀਗ੍ਰੇਸ਼ਨ ਸਲਿਊਸ਼ਨਜ਼ ਪ੍ਰਾ. ਲਿ. ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ | ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਟ੍ਰੈਟੇਜਿਕ ਇੰਮੀਗ੍ਰੇਸ਼ਨ ਸਲਿਊਸ਼ਨਜ਼ ਪ੍ਰਾ. ਲਿ. ਫਰਮ (ਐਸ. ਸੀ. ਓ. ਨੰ. 68 ਦੂਜੀ ਤੇ ਤੀਜੀ ਮੰਜ਼ਿਲ ਫੇਜ਼-3-ਬੀ-2 ਮੁਹਾਲੀ) ਨੂੰ ਕੰਸਲਟੈਂਸੀ ਤੇ ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 22 ਅਗਸਤ 2028 ਤੱਕ ਹੈ | ਉਨ੍ਹਾਂ ਦੱਸਿਆ ਕਿ ਫਰਮ ਦੇ ਤਿੰਨ ਮਾਲਕਾਂ ਸੁਖਪ੍ਰੀਤ ਸਿੰਘ ਪੁੱਤਰ ਪ੍ਰਭਜੀਤ ਸਿੰਘ, ਕੰਵਲਜੀਤ ਸਿੰਘ ਪੁੱਤਰ ਬਲਰਾਜ ਸਿੰਘ ਅਤੇ ਹਰਪੁਨੀਤ ਸਿੰਘ ਧਾਲੀਵਾਲ ਪੁੱਤਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ ਕਿ ਫਰਮ ਜਨਵਰੀ 2025 'ਚ ਦਫ਼ਤਰ ਖਾਲੀ ਕਰ ਚੁੱਕੀ ਹੈ ਅਤੇ ਇਹ ਜਗ੍ਹਾ ਕਿਸੇ ਹੋਰ ਨੂੰ ਕਿਰਾਏ 'ਤੇ ਦਿੱਤੀ ਜਾ ਚੁੱਕੀ ਹੈ | ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਫਰਮ ਦੇ ਡਾਇਰੈਕਟਰਾਂ ਨੂੰ ਨੋਟਿਸ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਸੀ ਪਰ ਉਨ੍ਹਾਂ ਵਲੋਂ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ, ਜੋ ਕਿ ਐਕਟ ਅਤੇ ਨਿਯਮਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਉਕਤ ਤੱਥਾਂ ਨੂੰ ਮੁੱਖ ਰੱਖਦਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਤਹਿਤ ਫਰਮ ਨੂੰ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਭਵਿੱਖ 'ਚ ਉਕਤ ਫਰਮ ਜਾਂ ਇਸ ਦੇ ਭਾਈਵਾਲਾਂ ਖ਼ਿਲਾਫ਼ ਕੋਈ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਦੀ ਹਰ ਪੱਖੋਂ ਭਰਪਾਈ ਲਈ ਫਰਮ/ਭਾਈਵਾਲ ਹੀ ਜ਼ਿੰਮੇਵਾਰ ਹੋਣਗੇ |