ਚੰਡੀਗੜ੍ਹ, 12 ਜੂਨ (ਪ੍ਰੋ. ਅਵਤਾਰ ਸਿੰਘ) - ਕੈਨੇਡਾ ਦੌਰੇ ਸਬੰਧੀ ਉੱਠੇ ਵਿਵਾਦ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦਾ ਵਫ਼ਦ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਸੁਣਨ, ਵਿਦਿਆਰਥੀਆਂ ਦੀਆਂ ਮੁਸ਼ਕਲਾਂ ਜਾਣਨ ਅਤੇ ਪੰਜਾਬੀ ਵਿਰਸੇ ਨਾਲ ਨੌਜਵਾਨਾਂ ਦੀ ਸਾਂਝ ਮਜ਼ਬੂਤ ਕਰਨ ਲਈ ਕੈਨੇਡਾ ਗਿਆ ਹੈ | ਡਾ. ਚੀਮਾ ਨੇ ਕਿਹਾ ਕਿ ਕੈਨੇਡਾ 'ਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੇ ਹਮੇਸ਼ਾ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ | ਅਜਿਹੇ ਵਿਚ ਉਨ੍ਹਾਂ ਨਾਲ ਸਿੱਧਾ ਸੰਵਾਦ ਕਰਨਾ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਵਫ਼ਦ ਖ਼ਾਸ ਤੌਰ 'ਤੇ ਪੰਜਾਬ ਤੋਂ ਉੱਚ ਸਿੱਖਿਆ ਲਈ ਕੈਨੇਡਾ ਗਏ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ, ਰੁਜ਼ਗਾਰ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਚੁਣੌਤੀਆਂ ਨੂੰ ਨੇੜਿਓਾ ਸਮਝਿਆ ਜਾ ਸਕੇ | ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ, ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਮੁੱਦੇ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾ ਰਹੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦਾ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦਾ ਨਾ ਕੋਈ ਇਰਾਦਾ ਹੈ ਅਤੇ ਨਾ ਹੀ ਇਹ ਉਸ ਦੀ ਨੀਤੀ ਦਾ ਹਿੱਸਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਲੋਕਾਂ ਨਾਲ ਜੁੜੇ ਮੁੱਦਿਆਂ 'ਤੇ ਕੇਂਦਰਿਤ ਹੈ, ਨਾ ਕਿ ਭੂ-ਰਾਜਨੀਤਿਕ ਮਸਲਿਆਂ 'ਤੇ | ਡਾ. ਚੀਮਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਤੇ ਕੁਝ ਹੋਰ ਸਿਆਸੀ ਧਿਰਾਂ ਵਲੋਂ ਇਸ ਦੌਰੇ ਨੂੰ ਲੈ ਕੇ ਕੀਤੀ ਜਾ ਰਹੀ ਬਿਆਨਬਾਜ਼ੀ ਤੱਥਾਂ ਤੋਂ ਪਰੇ ਅਤੇ ਸਿਆਸੀ ਘਬਰਾਹਟ ਦਾ ਪ੍ਰਗਟਾਵਾ ਹੈ | ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿਚ ਵੀ ਪੰਜਾਬ, ਪੰਜਾਬੀਅਤ ਅਤੇ ਪ੍ਰਵਾਸੀ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੀ ਮਜ਼ਬੂਤੀ ਨਾਲ ਨੁਮਾਇੰਦਗੀ ਕਰਦਾ ਰਹੇਗਾ |