ਹਰਿਆਣਾ ਖੇਡ ਮੰਤਰੀ ਦਾ ਵੱਡਾ ਐਕਸ਼ਨ: ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ <br/>
ਅਜੀਤ ਡੈਸਕ
13-06-2026
ਜਾਂਚ ਵਿੱਚ ਮਿਲੀਆਂ ਗੰਭੀਰ ਖਾਮੀਆਂ
ਮੰਤਰੀ ਨੇ ਦੱਸਿਆ ਕਿ ਖੇਡ ਵਿਭਾਗ ਅਨੁਸਾਰ ਨੂਹ ਦੇ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਦੀਆਂ 3, ਯਮੁਨਾਨਗਰ ਦੇ ਸ਼ਹੀਦ ਪਰਮਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤੇਜਲੀ ਵਿੱਚ ਸਾਈਕਲਿੰਗ ਦੀ 1, ਹਿਸਾਰ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ (ਆਰਿਆ ਨਗਰ ਗ੍ਰਾਮ ਪੰਚਾਇਤ) ਦੀ ਬਾਕਸਿੰਗ ਦੀ 1, ਹਿਸਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗੰਗਵਾ) ਦੀ ਫੁੱਟਬਾਲ ਦੀ 2, ਹਿਸਾਰ ਦੇ ਮਸੂਦਪੁਰ ਪੰਚਾਇਤ ਵਿੱਚ ਫੁੱਟਬਾਲ ਦੀ 2 ਅਤੇ ਭਿਵਾਨੀ ਦੇ ਜੀ.ਐਮ.ਐਸ.ਐਸ.ਐਸ. ਦੀ ਬਾਕਸਿੰਗ ਤੇ ਵਾਲੀਬਾਲ ਦੀ 1-1 ਨਰਸਰੀ ਨੂੰ ਬੰਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਭਾਗੀ ਜਾਂਚ ਤੇ ਗਰਾਊਾਡ ਰਿਪੋਰਟ ਵਿੱਚ ਖੇਡ ਨਰਸਰੀਆਂ ਦੇ ਸੰਚਾਲਨ ਵਿੱਚ ਕਈ ਗੰਭੀਰ ਖਾਮੀਆਂ ਤੇ ਬੇਨਿਯਮੀਆਂ ਪਾਈਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਖੇਡ ਉਪਕਰਨਾਂ ਦੀ ਘਾਟ, ਖਿਡਾਰੀਆਂ ਦੇ ਅਭਿਆਸ ਲਈ ਲੋੜੀਂਦੀ ਆਧੁਨਿਕ ਤੇ ਬੁਨਿਆਦੀ ਖੇਡ ਸਮੱਗਰੀ ਉਪਲਬਧ ਨਹੀਂ ਸੀ, ਖੇਡ ਮੈਦਾਨਾਂ ਦੀ ਸਾਂਭ-ਸੰਭਾਲ ਬਹੁਤ ਖਰਾਬ ਸੀ ਜਿਸ ਕਾਰਨ ਖਿਡਾਰੀਆਂ ਨੂੰ ਸੱਟ ਲੱਗਣ ਦਾ ਖ਼ਤਰਾ ਬਣਿਆ ਹੋਇਆ ਸੀ, ਰਿਕਾਰਡ ਵਿੱਚ ਦਰਜ ਖਿਡਾਰੀਆਂ ਦੀ ਗਿਣਤੀ ਤੇ ਮੈਦਾਨ ਵਿੱਚ ਹਾਜ਼ਰ ਖਿਡਾਰੀਆਂ ਦੀ ਅਸਲ ਗਿਣਤੀ ਵਿੱਚ ਭਾਰੀ ਫਰਕ ਪਾਇਆ ਗਿਆ |
ਹੋਰ ਖੇਡ ਨਰਸਰੀਆਂ ਦੀ ਵੀ ਹੋਵੇਗੀ ਡੂੰਘਾਈ ਨਾਲ ਜਾਂਚ
ਖੇਡ ਮੰਤਰੀ ਨੇ ਕਿਹਾ ਕਿ ਇਹ ਕਾਰਵਾਈ ਇੱਥੇ ਹੀ ਰੁਕਣ ਵਾਲੀ ਨਹੀਂ ਹੈ | ਸੂਬੇ ਵਿੱਚ ਚੱਲ ਰਹੀਆਂ ਹੋਰ ਸਾਰੀਆਂ ਖੇਡ ਨਰਸਰੀਆਂ ਦੀ ਵੀ ਡੂੰਘਾਈ ਨਾਲ ਜਾਂਚ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਭਵਿੱਖ ਅਤੇ ਉਨ੍ਹਾਂ ਦੇ ਖੇਡ ਪੱਧਰ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ | ਉਨ੍ਹਾਂ ਨੇ ਖੇਡ ਉਪ-ਨਿਰਦੇਸ਼ਕਾਂ ਅਤੇ ਕੋਚਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਭਵਿੱਖ ਵਿਚ ਖੇਡ ਨਰਸਰੀਆਂ ਦੀ ਵੰਡ ਅਤੇ ਉਨ੍ਹਾਂ ਦੇ ਨਿਯਮਤ ਨਿਰੀਖਣ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਖੇਡ ਮੰਤਰੀ ਗੌਰਵ ਗੌਤਮ ਨੇ ਸੂਬਾ ਸਰਕਾਰ ਦੇ ਵਿਜ਼ਨ ਬਾਰੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਹਰਿਆਣਾ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ, ਬੁਨਿਆਦੀ ਢਾਂਚਾ ਤੇ ਸਹੀ ਮਾਹੌਲ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜੇ ਤੋਂ ਹੀ 'ਓਲੰਪਿਕ 2036' ਦੀਆਂ ਤਿਆਰੀਆਂ ਵਿੱਚ ਜੁਟ ਗਈ ਹੈ | ਸਰਕਾਰ ਦਾ ਸੰਕਲਪ ਹੈ ਕਿ ਭਾਰਤ ਜਦੋਂ ਓਲੰਪਿਕ 2036 ਦੀ ਮੇਜ਼ਬਾਨੀ ਦੇ ਸੁਪਨੇ ਦੇਖ ਰਿਹਾ ਹੈ, ਉਦੋਂ ਹਰਿਆਣਾ ਦੇ ਖਿਡਾਰੀ ਦੇਸ਼ ਦੀ ਝੋਲੀ ਵਿਚ ਘੱਟੋ-ਘੱਟ 36 ਮੈਡਲ ਪਾ ਸਕਣ | ਇਸ ਟੀਚੇ ਨੂੰ ਹਾਸਲ ਕਰਨ ਲਈ ਜ਼ਮੀਨੀ ਪੱਧਰ 'ਤੇ ਖੇਡ ਨਰਸਰੀਆਂ ਨੂੰ ਪਾਰਦਰਸ਼ੀ ਅਤੇ ਵਿਸ਼ਵ ਪੱਧਰੀ ਬਣਾਉਣਾ ਬੇਹੱਦ ਜ਼ਰੂਰੀ ਹੈ |