ਐੱਸ. ਏ. ਐੱਸ. ਨਗਰ, 12 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਬੀਤੀ ਰਾਤ ਮੁਹਾਲੀ ਸ਼ਹਿਰ ਅਤੇ ਇਸ ਦੇ ਨੇੜਲੇ ਖੇਤਰਾਂ ਵਿਚ ਪ੍ਰੀ-ਮੌਨਸੂਨ ਦੀ ਪਈ ਪਹਿਲੀ ਬਰਸਾਤ ਨੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਲੂ ਤੇ ਅੱਤ ਦੀ ਗਰਮੀ ਤੋਂ ਰਾਹਤ ਦਿਵਾਈ ਹੈ | ਇਸ ਤੋਂ ਇਲਾਵਾ ਪੇਂਡੂ ਖੇਤਰ ਵਿਚ ਬਰਸਾਤ ਕਾਰਨ ਜ਼ਮੀਨਾਂ ਦੀ ਵਾਹ-ਵਹਾਈ ਅਤੇ ਝੋਨਾ ਲਗਾਉਣ ਦੇ ਕੰਮ ਨੇ ਵੀ ਤੇਜ਼ੀ ਫੜ੍ਹ ਲਈ ਹੈ | ਬਰਸਾਤ ਕਾਰਨ ਤਾਪਮਾਨ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਬਿਜਲੀ ਦੀ ਮੰਗ ਘਟਣ ਕਾਰਨ ਲੋਕਾਂ ਨੂੰ ਬਿਜਲੀ ਦੇ ਲੱਗਦੇ ਲੰਬੇ ਕੱਟਾਂ ਤੋਂ ਵੀ ਨਿਜ਼ਾਤ ਮਿਲੀ ਹੈ | ਦੂਜੇ ਪਾਸੇ ਮੁਹਾਲੀ ਪ੍ਰਸ਼ਾਸਨ ਵੀ ਪ੍ਰੀ-ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਮੌਨਸੂਨ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਦੀ ਰੋਕਥਾਮ ਸੰਬੰਧੀ ਤਿਆਰੀਆਂ ਵਿਚ ਜੁਟ ਗਿਆ ਹੈ | ਮੌਨਸੂਨ ਦੌਰਾਨ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਤੋਂ ਇਲਾਵਾ ਡਰੇਨੰਜ਼ ਸਿਸਟਮ ਦੀ ਸਫ਼ਾਈ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਗਈ ਹੈ | ਜ਼ਿਕਰਯੋਗ ਹੈ ਕਿ ਬੀਤੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਮੁਹਾਲੀ ਸ਼ਹਿਰ ਦੇ ਕਈ ਸੈਕਟਰਾਂ ਦੇ ਘਰਾਂ ਵਿਚ ਦਾਖ਼ਲ ਹੋ ਕੇ ਘਰੇਲੂ ਸਾਮਾਨ ਨੂੰ ਨੁਕਸਾਨ ਪਹੁੰਚਾਉਂਦਾ ਆ ਰਿਹਾ ਹੈ | ਮੌਸਮ ਵਿਭਾਗ ਵਲੋਂ 12 ਅਤੇ 13 ਜੂਨ ਨੂੰ ਤੇਜ਼ ਝੱਖੜ, ਗਰਜ- ਬਿਜਲੀ ਚਮਕਣ ਅਤੇ ਗੜ੍ਹੇਮਾਰੀ ਦੀ ਚਿਤਾਵਨੀ ਦਿੱਤੀ ਗਈ ਹੈ |