ਜ਼ੀਰਕਪੁਰ, 12 ਜੂਨ (ਮਨਿੰਦਰ ਸਿੰਘ)-ਬੀਤੇ ਕੱਲ੍ਹ ਬਾਅਦ ਦੁਪਹਿਰ ਨਾਭਾ-ਭਬਾਤ ਰੋਡ 'ਤੇ ਸਥਿਤ 29 ਸੁਸਾਇਟੀਆਂ ਦੇ ਵਸਨੀਕਾਂ ਨੇ ਟੁੱਟੀਆਂ ਸੜਕਾਂ ਨੂੰ ਲੈ ਕੇ ਨਗਰ ਕੌਂਸਲ ਦੇ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਜੀਵ ਕੱਕੜ, ਰਾਜੇਸ਼ ਗੁਪਤਾ, ਲਲਿਤ ਭਾਰਦਵਾਜ, ਰਵੀ ਪ੍ਰਕਾਸ਼ ਅਤੇ ਦੇਸਰਾਜ ਠਾਕੁਰ ਸਮੇਤ ਵੱਖ-ਵੱਖ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹਾਈਲੈਂਡ ਪਾਰਕ, ਅੰਸਲ ਵੁੱਡਬਰੀ ਰਿਵਰ ਡੇਲ, ਮਾਇਆ ਗਰੀਨ, ਔਸਿਸ ਗਰੀਨ, ਲੀਫ਼ ਸਟੋਨ, ਮਿਸਟ ਅਤੇ ਮਿਸਟ ਔਰਕਡ ਸਮੇਤ 29 ਸੁਸਾਇਟੀਆਂ ਦੇ ਵਸਨੀਕ ਟੁੱਟੀਆਂ ਸੜਕਾਂ ਕਾਰਨ ਰੋਜ਼ਾਨਾ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਨਾਭਾ ਸਾਹਿਬ ਹਾਈ ਗਰਾਊਾਡ ਤੋਂ ਭਬਾਤ ਨੂੰ ਜੋੜਨ ਵਾਲੀ ਸੜਕ 'ਤੇ ਥਾਂ-ਥਾਂ ਟੋਏ ਪਏ ਹੋਏ ਹਨ, ਜਿਨ੍ਹਾਂ ਕਾਰਨ ਨਾ ਸਿਰਫ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ, ਸਗੋਂ ਰੋਜ਼ਾਨਾ ਹਾਦਸੇ ਵੀ ਵਾਪਰ ਰਹੇ ਹਨ | ਦੋ-ਪਹੀਆ ਵਾਹਨ ਚਾਲਕ ਅਕਸਰ ਇਨ੍ਹਾਂ ਟੋਇਆਂ ਕਾਰਨ ਸੱਟਾਂ ਖਾ ਰਹੇ ਹਨ | ਉਨ੍ਹਾਂ ਕਿਹਾ ਕਿ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਇਹ ਟੋਏ ਪਾਣੀ ਨਾਲ ਭਰ ਜਾਂਦੇ ਹਨ ਜਿਸ ਕਾਰਨ ਇਨ੍ਹਾਂ ਦੀ ਡੁੰਘਾਈ ਦਾ ਪਤਾ ਨਹੀਂ ਲੱਗਦਾ ਤੇ ਹਾਦਸੇ ਵਾਪਰ ਜਾਂਦੇ ਹਨ | ਇਸ ਮੌਕੇ ਅਨਿਲ ਕਾਦੀਆਨ, ਸੁਨੀਲ ਦੱਤ, ਸੁਭਾਸ਼ ਰਾਣਾ ਡੇ, ਰਾਜਵੀਰ ਕੋਠਾਰੀ, ਕਰਨਲ ਸੰਦੀਪ ਸਲਵਾਨ, ਜਗਦੀਪ ਸਿੰਘ, ਐਚ. ਐਲ. ਅਰੋੜਾ ਤੇ ਰਣਜੀਤ ਸਹਿਤ ਸਮੇਤ ਵੱਡੀ ਗਿਣਤੀ 'ਚ ਸਥਾਨਕ ਵਸਨੀਕਾਂ ਨੇ ਇਕਸੁਰ 'ਚ ਕਿਹਾ ਕਿ ਇਹ ਪ੍ਰਦਰਸ਼ਨ ਸਿਰਫ ਇਕ ਸੜਕ ਲਈ ਨਹੀਂ ਹੈ, ਸਗੋਂ ਪੂਰੇ ਜ਼ੀਰਕਪੁਰ ਦੇ ਸਿਸਟਮ ਤੇ ਇਸ 'ਚ ਫੈਲੇ ਭਿ੍ਸ਼ਟਾਚਾਰ ਦੇ ਖਿਲਾਫ਼ ਹੈ | ਉਨ੍ਹਾਂ ਕਿਹਾ ਕਿ ਕਰੋੜਾਂ ਰੁ. ਖ਼ਰਚ ਕੇ ਬਣਾਈਆਂ ਸੜਕਾਂ ਕੁਝ ਹੀ ਦਿਨਾਂ ਜਾਂ ਮਹੀਨਿਆਂ 'ਚ ਟੁੱਟ ਜਾਂਦੀਆਂ ਹਨ, ਜੋ ਕਿ ਭਿ੍ਸ਼ਟਾਚਾਰ ਤੇ ਘਟੀਆ ਨਿਰਮਾਣ ਮਟੀਰੀਅਲ ਵਰਤੇ ਜਾਣ ਵੱਲ ਇਸ਼ਾਰਾ ਕਰਦੀਆਂ ਹਨ | ਧਰਨਾਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਖੋਖਲੇ ਵਾਅਦਿਆਂ 'ਚ ਨਹੀਂ ਆਉਂਦੇ | ਉਨ੍ਹਾਂ ਕਿਹਾ ਕਿ ਜੇਕਰ ਨਾਭਾ-ਭਬਾਤ ਰੋਡ ਦਾ ਕੰਮ ਤੁਰੰਤ ਸ਼ੁਰੂ ਨਾ ਕਰਵਾਇਆ ਗਿਆ ਅਤੇ ਭਿ੍ਸ਼ਟਾਚਾਰ ਦੀ ਜਾਂਚ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ 'ਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਸੜਕ ਜਾਮ ਕੀਤੀ ਜਾਵੇਗੀ |