ਡੇਰਾਬੱਸੀ, 12 ਜੂਨ (ਰਣਬੀਰ ਸਿੰਘ ਪੜ੍ਹੀ)-ਮੁਬਾਰਕਪੁਰ ਬਿਜਲੀ ਗਰਿੱਡ ਤੋਂ ਸਟੋਨ ਕਰੱਸ਼ਰ ਜ਼ੋਨ ਦੀ ਬਿਜਲੀ ਸਪਲਾਈ ਪਿਛਲੇ ਕਰੀਬ ਦੋ ਦਿਨਾਂ ਤੋਂ ਠੱਪ ਰਹਿਣ ਕਾਰਨ ਕਰੱਸ਼ਰ ਉਦਯੋਗ ਦਾ ਕਰੋੜਾਂ ਦਾ ਉਤਪਾਦਨ ਰੁਕ ਗਿਆ ਜਿਸ ਕਾਰਨ ਉਦਯੋਗਪਤੀਆਂ ਭਾਰੀ ਵਿੱਤੀ ਨੁਕਸਾਨ ਸਹਿਣਾ ਪਿਆ | ਕਰੱਸ਼ਰ ਉਦਯੋਗ ਤੋਂ ਇਲਾਵਾ ਰਿਹਾਇਸ਼ੀ ਇਲਾਕਿਆਂ 'ਚ ਵੀ ਕਈ ਥਾਵਾਂ 'ਤੇ 12 ਤੋਂ 15 ਘੰਟੇ ਤੱਕ ਬਿਜਲੀ ਸਪਲਾਈ ਗੁੱਲ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਬਿਜਲੀ ਵਿਭਾਗ ਦਾ ਦਾਅਵਾ ਹੈ ਕਿ ਵੀਰਵਾਰ ਰਾਤ ਨੂੰ ਆਏ ਤੇਜ਼-ਤੂਫ਼ਾਨ ਤੇ ਮੀਂਹ ਕਾਰਨ ਉਨ੍ਹਾਂ ਦੇ ਇਕ ਦਰਜਨ ਤੋਂ ਵੱਧ ਖੰਭੇ ਟੁੱਟ ਗਏ ਤੇ ਤਾਰਾਂ ਨੁਕਸਾਨੀਆਂ ਗਈਆਂ ਜਿਸ ਕਾਰਨ ਇਹ ਨੌਬਤ ਆਈ | ਦੂਜੇ ਪਾਸੇ ਕਰੱਸ਼ਰ ਸੰਗਠਨ ਨੇ ਦੋਸ਼ ਲਗਾਇਆ ਹੈ ਕਿ ਵਿਭਾਗ ਨੁਕਸ ਠੀਕ ਕਰਨ ਦੀ ਬਜਾਏ ਸਟਾਫ਼ ਦੀ ਘਾਟ ਹੋਣ ਦਾ ਰੋਣਾ ਰੋਂਦਾ ਰਿਹਾ | ਮੁਬਾਰਕਪੁਰ ਸਟੋਨ ਕਰੱਸ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵੀਰਵਾਰ ਸਵੇਰੇ ਸਤਿਗੁਰੂ ਸਟੋਨ ਕਰੱਸ਼ਰ ਨੇੜੇ ਤਾਰ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ ਤੇ ਸਾਰਾ ਦਿਨ ਬਿਜਲੀ ਨਹੀਂ ਆਈ | ਜਦੋਂ ਵਿਭਾਗ ਕੋਲ ਸ਼ਿਕਾਇਤ ਕੀਤੀ ਗਈ ਤਾਂ ਅੱਗੋਂ ਸਟਾਫ਼ ਨਾ ਹੋਣ ਦਾ ਬਹਾਨਾ ਬਣਾਇਆ ਗਿਆ | ਸ਼ਾਮ ਨੂੰ ਕਿਸੇ ਤਰ੍ਹਾਂ ਤਾਰਾਂ ਜੋੜ ਕੇ ਮੁਸ਼ਕਿਲ ਨਾਲ 10 ਮਿੰਟ ਲਈ ਬਿਜਲੀ ਚਾਲੂ ਕੀਤੀ ਗਈ ਪਰ ਤੂਫ਼ਾਨ ਆਉਣ ਤੋਂ ਬਾਅਦ ਬਿਜਲੀ ਸਪਲਾਈ ਫਿਰ ਠੱਪ ਹੋ ਗਈ | ਇਹ ਨੁਕਸ ਘੱਗਰ ਸਟੋਨ ਕਰੱਸ਼ਰ, ਸਤਿਗੁਰੂ ਅਤੇ ਰਣਜੀਤ ਸਟੋਨ ਕਰੱਸ਼ਰ ਦੇ ਨੇੜੇ ਜੰਪਰ ਉੱਡਣ ਕਾਰਨ ਪੈਦਾ ਹੋਇਆ | ਸ਼ੁੱਕਰਵਾਰ ਨੂੰ ਵੀ ਸਾਰਾ ਦਿਨ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਜਿਸ ਕਾਰਨ ਦਰਜਨਾਂ ਸਟੋਨ ਕਰੱਸ਼ਰਾਂ ਤੇ ਸਕ੍ਰੀਨਿੰਗ ਪਲਾਂਟਾਂ 'ਚ ਕਰੋੜਾਂ ਰੁ. ਦਾ ਕਾਰੋਬਾਰ ਠੱਪ ਰਿਹਾ | ਮਾਈਨਿੰਗ ਵਿਭਾਗ ਦੇ ਇਕ ਹੁਕਮ ਕਾਰਨ ਉਨ੍ਹਾਂ ਨੂੰ ਜਨਰੇਟਰ ਵਰਤਣ ਦੀ ਮਨਾਹੀ ਹੈ, ਜਿਸ ਕਰਕੇ ਉਨ੍ਹਾਂ ਦੀ ਲੇਬਰ (ਮਜ਼ਦੂਰ) ਵਿਹਲੀ ਬੈਠਣ ਲਈ ਮਜ਼ਬੂਰ ਰਹੀ ਅਤੇ ਦੋ ਦਿਨਾਂ ਤੱਕ ਸਾਰਾ ਕੰਮ ਪੂਰੀ ਤਰ੍ਹਾਂ ਬੰਦ ਰਿਹਾ | ਉਨ੍ਹਾਂ ਕਿਹਾ ਕਿ ਮੁਬਾਰਕਪੁਰ ਬਿਜਲੀ ਗਰਿੱਡ ਤੋਂ ਕਰੱਸ਼ਰ ਉਦਯੋਗ ਨੂੰ ਪਹਿਲਾਂ ਹੀ ਬਹੁਤ ਖਸਤਾ ਹਾਲਤ 'ਚ ਬਿਜਲੀ ਮਿਲ ਰਹੀ ਹੈ ਤੇ ਹੁਣ ਜਨਰੇਟਰ ਨਾ ਚਲਾ ਪਾਉਣ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ | ਇਸ ਦੇ ਨਾਲ ਹੀ ਮੁਬਾਰਕਪੁਰ ਤੇ ਮੀਰਪੁਰ ਦੇ ਰਿਹਾਇਸ਼ੀ ਇਲਾਕਿਆਂ 'ਚ ਵੀ ਹਨੇਰੀ-ਤੂਫ਼ਾਨ ਤੋਂ ਬਾਅਦ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਜੋ ਕਿ ਅਗਲੇ ਦਿਨ 15 ਤੋਂ 18 ਘੰਟਿਆਂ ਬਾਅਦ ਹੀ ਬਹਾਲ ਹੋ ਸਕੀ | ਲੰਬੇ ਸਮੇਂ ਤੱਕ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪਿਆ | ਉਧਰ ਮੁਬਾਰਕਪੁਰ ਪਾਵਰਕਾਮ ਦੇ ਐਸ. ਡੀ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਝੱਖੜ ਕਾਰਨ ਉਨ੍ਹਾਂ ਦੀ ਸਬ-ਡਵੀਜ਼ਨ ਦੇ ਇਕ ਦਰਜਨ ਤੋਂ ਵੱਧ ਖੰਭੇ ਟੁੱਟ ਗਏ ਸਨ ਤੇ ਤਾਰਾਂ 'ਤੇ ਦਰੱਖ਼ਤਾਂ ਦੀਆਂ ਵੱਡੀਆਂ ਟਾਹਣੀਆਂ ਡਿੱਗਣ ਕਾਰਨ ਲਾਈਨਾਂ ਨੁਕਸਾਨੀਆਂ ਗਈਆਂ ਸਨ | ਵਿਭਾਗ ਦੇ ਮੁਲਾਜ਼ਮਾਂ ਨੇ ਜੰਗੀ ਪੱਧਰ 'ਤੇ ਕੰਮ ਕਰਦਿਆਂ 24 ਘੰਟਿਆਂ ਦੇ ਅੰਦਰ ਨਾ ਸਿਰਫ਼ ਤਾਰਾਂ ਦੀ ਮੁਰੰਮਤ ਕੀਤੀ, ਸਗੋਂ ਖੰਭੇ ਵੀ ਦੁਬਾਰਾ ਖੜ੍ਹੇ ਕਰ ਦਿੱਤੇ | ਕੁਦਰਤੀ ਆਫ਼ਤ ਕਾਰਨ ਬਿਜਲੀ ਬਹਾਲੀ 'ਚ ਕੁਝ ਦੇਰੀ ਜ਼ਰੂਰ ਹੋਈ ਹੈ | ਕਰੱਸ਼ਰ ਉਦਯੋਗ 'ਚ ਦੋ ਦਿਨਾਂ ਤੋਂ ਬਿਜਲੀ ਨਾ ਹੋਣ ਪਿੱਛੇ ਤੂਫ਼ਾਨ ਤੋਂ ਇਲਾਵਾ ਇਕ ਹੋਰ ਵੱਡਾ ਤਕਨੀਕੀ ਨੁਕਸ ਜ਼ਿੰਮੇਵਾਰ ਸੀ | ਉਨ੍ਹਾਂ ਦੱਸਿਆ ਕਿ ਮੁਸ਼ਕਿਲ ਹਾਲਾਤ ਦੇ ਬਾਵਜੂਦ ਸਬ-ਡਵੀਜ਼ਨ ਦੇ ਉਦਯੋਗਿਕ ਤੇ ਰਿਹਾਇਸ਼ੀ ਇਲਾਕਿਆਂ ਦੀ ਬਿਜਲੀ ਸਪਲਾਈ ਦੁਪਹਿਰ ਤੋਂ ਸ਼ਾਮ ਤੱਕ ਬਹਾਲ ਕਰ ਦਿੱਤੀ ਗਈ |