ਚੰਡੀਗੜ੍ਹ, 12 ਜੂਨ (ਕਪਿਲ ਵਧਵਾ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀ.ਐਸ.ਸੀ.ਐਲ.) ਨਾਲ ਜੁੜੇ ਫ਼ੰਡਾਂ ਦੀ ਹੇਰਾਫੇਰੀ ਦੇ ਮਾਮਲੇ ਵਿਚ ਆਪਣੀ ਪਹਿਲੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ | ਇਹ ਚਾਰਜਸ਼ੀਟ ਡਿਊਟੀ ਜੱਜ ਹਰਿੰਦਰ ਸਿੱਧੂ ਦੀ ਅਦਾਲਤ 'ਚ ਸ਼ੁੱਕਰਵਾਰ ਨੂੰ ਪੇਸ਼ ਕੀਤੀ ਗਈ, ਜਿਸ ਦੀ ਤਸਦੀਕ ਸੀ.ਬੀ.ਆਈ. ਦੇ ਸਰਕਾਰੀ ਵਕੀਲ ਜੈ ਹਿੰਦ ਵਲੋਂ ਕੀਤੀ ਗਈ | ਚਾਰਜਸ਼ੀਟ ਵਿਚ ਕੁੱਲ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿਚ ਆਈ.ਡੀ.ਐਫ.ਸੀ. ਫਰਸਟ ਬੈਂਕ ਦੇ ਪੰਜ ਅਧਿਕਾਰੀ, ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦਾ ਇਕ ਅਧਿਕਾਰੀ ਅਤੇ ਇਕ ਨਿੱਜੀ ਵਿਅਕਤੀ ਸ਼ਾਮਿਲ ਹਨ | ਜਾਂਚ ਏਜੰਸੀ ਅਨੁਸਾਰ ਮਾਮਲਾ ਸਰਕਾਰੀ ਫ਼ੰਡਾਂ ਦੀ ਕਥਿਤ ਹੇਰਾਫੇਰੀ, ਅਪਰਾਧਿਕ ਸਾਜ਼ਿਸ਼, ਜਾਅਲਸਾਜ਼ੀ ਅਤੇ ਧੋਖਾਧੜੀ ਨਾਲ ਸਬੰਧਿਤ ਹੈ | ਇਸ ਦੇ ਨਾਲ ਹੀ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਵੀ ਦੋਸ਼ ਲਗਾਏ ਗਏ ਹਨ | ਸੀ.ਬੀ.ਆਈ. ਨੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਅਤੇ ਕ੍ਰੈਸਟ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਚੰਡੀਗੜ੍ਹ ਦੀ ਆਰਥਿਕ ਅਪਰਾਧ ਸ਼ਾਖਾ ਤੋਂ ਆਪਣੇ ਹੱਥ ਵਿਚ ਲਈ ਸੀ | ਜਾਂਚ ਦੌਰਾਨ ਸਾਹਮਣੇ ਆਇਆ ਕਿ ਚੰਡੀਗੜ੍ਹ ਯੂ.ਟੀ. ਨੂੰ ਇਨ੍ਹਾਂ ਲੈਣ-ਦੇਣਾਂ ਕਾਰਨ ਕਰੀਬ 153 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ | ਦੂਜੇ ਪਾਸੇ, ਸੀ.ਬੀ.ਆਈ. ਨੇ ਹਰਿਆਣਾ ਸਰਕਾਰ ਦੇ ਫ਼ੰਡਾਂ ਦੀ ਹੇਰਾਫੇਰੀ ਨਾਲ ਸਬੰਧਿਤ ਮਾਮਲੇ ਵਿਚ ਵੀ ਵੱਖਰੀ ਚਾਰਜਸ਼ੀਟ ਦਾਖਲ ਕੀਤੀ ਹੈ | ਏਜੰਸੀ ਮੁਤਾਬਿਕ ਹਰਿਆਣਾ ਸਰਕਾਰ ਨੂੰ ਇਸ ਘੁਟਾਲੇ ਕਾਰਨ 504 ਕਰੋੜ ਰੁਪਏ ਦਾ ਨੁਕਸਾਨ ਹੋਇਆ |