ਜ਼ੀਰਕਪੁਰ, 20 ਜੂਨ (ਹੈਪੀ ਪੰਡਵਾਲਾ)- 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਤੋਂ ਪਹਿਲਾਂ ਜ਼ੀਰਕਪੁਰ ਦੇ ਨਿਊ ਡਿਫੈਂਸ ਇਨਕਲੇਵ ‘ਚ ਮਹਿਲਾਵਾਂ ਵਲੋਂ ਚਲਾਈਆਂ ਜਾ ਰਹੀਆਂ ਮੁਫ਼ਤ ਕਲਾਸਾਂ ਯੋਗ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੋੜਨ ਦਾ ਸਫ਼ਲ ਉਪਰਾਲਾ ਸਾਬਿਤ ਹੋ ਰਹੀਆਂ ਹਨ। ਕਰੀਬ ਇਕ ਸਾਲ ਤੋਂ ਨਿਰੰਤਰ ਚੱਲ ਰਹੀਆਂ ਇਨ੍ਹਾਂ ਕਲਾਸਾਂ ‘ਚ ਹਰ ਰੋਜ਼ ਸੈਂਕੜੇ ਮਹਿਲਾਵਾਂ ਯੋਗ ਅਭਿਆਸ ਕਰਕੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਮਜ਼ਬੂਤ ਕਰ ਰਹੀਆਂ ਹਨ। ਕੌਮਾਂਤਰੀ ਯੋਗ ਦਿਵਸ ਦਾ ਇਸ ਸਾਲ ਦਾ ਉਦੇਸ਼ ਵੀ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਯੋਗ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਨ੍ਹਾਂ ਕਲਾਸਾਂ ‘ਚ ਮੈਡਮ ਚੰਚਲ ਵਧਵਾ ਤੇ ਸ਼ਾਰਦਾ ਵਲੋਂ ਮੁਫ਼ਤ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੋਗ ਸਿਰਫ਼ ਇੱਕ ਦਿਨ ਮਨਾਉਣ ਵਾਲੀ ਗਤੀਵਿਧੀ ਨਹੀਂ ਸਗੋਂ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਕਲਾਸ ਦਾ ਮਕਸਦ ਮਹਿਲਾਵਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰਨਾ ਤੇ ਯੋਗ ਦੇ ਲਾਭਾਂ ਨਾਲ ਜਾਣੂ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਕੋਈ ਵੀ ਮਹਿਲਾ ਬਿਨਾਂ ਕਿਸੇ ਫੀਸ ਦੇ ਇਸ ਕਲਾਸ ਨਾਲ ਜੁੜ ਕੇ ਯੋਗ ਦੀ ਸਿਖਲਾਈ ਹਾਸਲ ਕਰ ਸਕਦੀ ਹੈ। ਉਨ੍ਹਾਂ ਕੌਮਾਂਤਰੀ ਯੋਗ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਜੀਵਨ ਕਾਲ ‘ਚ ਯੋਗ ਨੂੰ ਜ਼ਰੂਰ ਸ਼ਾਮਿਲ ਕਰੇ ਕਿਉਂਕਿ ਯੋਗ ਅਭਿਆਸ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਮਾਨਸਿਕ ਸ਼ਾਂਤੀ ਤੇ ਤਣਾਅ ਮੁਕਤ ਜੀਵਨ ਲਈ ਵੀ ਬਹੁਤ ਫਾਇਦੇਮੰਦ ਹੈ।