ਚੰਡੀਗੜ੍ਹ, 20 ਜੂਨ (ਅ.ਬ.) - ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੈਰਿਟਸ ਅਤੇ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਜੀਵਨ ਨੂੰ ਸੰਤੁਲਿਤ, ਸਾਰਥਕ ਅਤੇ ਉਦੇਸ਼ਪੂਰਨ ਬਣਾਉਣ ਦਾ ਇੱਕ ਸੰਪੂਰਨ ਮਾਰਗ ਹੈ।ਰਾਜਿੰਦਰ ਗੁਪਤਾ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਕਾਮਯਾਬੀ ਦੀ ਦੌੜ ਵਿੱਚ ਆਪਣੀ ਸਿਹਤ ਅਤੇ ਮਾਨਸਿਕ ਸੰਤੁਲਨ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਦਕਿ ਭਾਰਤੀ ਸੰਸਕ੍ਰਿਤੀ ਸਦਾ ਤੋਂ ਇਹ ਸਿੱਖਿਆ ਦਿੰਦੀ ਆ ਰਹੀ ਹੈ ਕਿ ਕਾਮਯਾਬੀ ਅਤੇ ਖੁਸ਼ਹਾਲੀ ਇੱਕ-ਦੂਜੇ ਦੇ ਪੂਰਕ ਹਨ, ਵਿਰੋਧੀ ਨਹੀਂ। ਉਨ੍ਹਾਂ ਦੱਸਿਆ ਕਿ ‘ਯੋਗ’ ਸ਼ਬਦ ਸੰਸਕ੍ਰਿਤ ਦੇ ‘ਯੁਜ’ ਤੋਂ ਬਣਿਆ ਹੈ, ਜਿਸਦਾ ਅਰਥ ਹੈ ‘ਜੋੜਨਾ’ਜਾਂ ‘ਇੱਕ ਕਰਨਾ’। ਯੋਗ ਸਰੀਰ, ਮਨ, ਬੁੱਧੀ ਅਤੇ ਆਤਮਾ ਵਿਚਕਾਰ ਤਾਲਮੇਲ ਸਥਾਪਿਤ ਕਰਦਾ ਹੈ। ਪ੍ਰਾਚੀਨ ਭਾਰਤ ਵਿੱਚ ਯੋਗ ਸਿਰਫ਼ ਆਸਨਾਂ ਤੱਕ ਸੀਮਿਤ ਨਹੀਂ ਸੀ ਬਲਕਿ ਇਹ ਜੀਵਨ ਜੀਣ ਦੀ ਇੱਕ ਵਿਧੀ ਸੀ, ਜੋ ਅਨੁਸ਼ਾਸਨ, ਧੀਰਜ, ਇਕਾਗਰਤਾ, ਸੇਵਾ ਤੇ ਸੰਤੁਲਨ ਵਰਗੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਦੀ ਸੀ। ਉਨ੍ਹਾਂ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਕਾਰਨ ਤਣਾਅ, ਚਿੰਤਾ ਤੇ ਮਾਨਸਿਕ ਥਕਾਵਟ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਅਜਿਹੇ ਸਮੇਂ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਯੋਗ ਸਾਨੂੰ ਸਿਰਫ਼ ਸਰੀਰਕ ਤੌਰ ‘ਤੇ ਤੰਦਰੁਸਤ ਨਹੀਂ ਬਣਾਉਂਦਾ, ਸਗੋਂ ਮਾਨਸਿਕ ਸਪੱਸ਼ਟਤਾ, ਭਾਵਨਾਤਮਕ ਸਥਿਰਤਾ ਅਤੇ ਅੰਦਰੂਨੀ ਸੰਤੁਲਨ ਵੀ ਪ੍ਰਦਾਨ ਕਰਦਾ ਹੈ।